ਅੰਮ੍ਰਿਤਸਰ: ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਅਦਾਲਤ ਵਿਚ ਤੀਜੀ ਵਾਰ ਪੇਸ਼ ਕੀਤਾ ਗਿਆ। ਭਾਰੀ ਸੁਰੱਖਿਆ ਹੇਠ ਬੁਲਟ ਪਰੂਫ ਸਮੇਤ ਕਰੀਬ 13 ਗੱਡੀਆਂ ਦੇ ਕਾਫਲੇ ਵਿਚ ਉਸਨੂੰ ਐੱਸਐੱਸਓਸੀ ਅੰਮ੍ਰਿਤਸਰ ਤੋਂ ਅਦਾਲਤ ਲਿਆਂਦਾ ਗਿਆ ਸੀ । ਵੱਖ ਵੱਖ ਪੁਲਿਸ ਟੀਮਾਂ ਮੌਕੇ ਤੇ ਤਾਇਨਾਤ ਹਨ। ਜਿਨ੍ਹਾਂ ਕੋਲ ਵੱਖ ਵੱਖ ਤਰ੍ਹਾਂ ਦੇ ਆਧੁਨਿਕ ਹਥਿਆਰ ਹਨ। ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਲਈ ਅੰਮ੍ਰਿਤਸਰ ਪੁਲਿਸ ਵਲੋਂ ਹਰ ਤਰ੍ਹਾਂ ਦਾ ਹੱਥ ਕੰਡਾ ਅਪਣਾਏ ਜਾ ਰਹੇ ਹਨ। ਇਥੇ ਜਿਕਰਯੋਗ ਹੈ ਕਿ ਖ਼ਬਰ ਲਿਖਣ ਤਕ ਅੰਮ੍ਰਿਤਸਰ ਅਦਾਲਤ ਦੇ ਬਾਹਰ ਹੁਸ਼ਿਆਰਪੁਰ ਪੁਲਿਸ ਅਤੇ ਮੁਕਤਸਰ ਪੁਲਿਸ ਵੀ ਭਾਰੀ ਸੁਰੱਖਿਆ ਨਾਲ ਹਾਜਰ ਸਨ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਅੰਮ੍ਰਿਤਸਰ ਅਦਾਲਤ ਤੋਂ ਲਿਜਾਕੇ ਉਸਨੂੰ ਸਿੱਧਾ ਹੁਸ਼ਿਆਰਪੁਰ ਅਦਾਲਤ ਵਿਖੇ ਪੇਸ਼ ਕਰਨਾ ਹੋਵੇਗਾ। ਇਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪੁਲਿਸ ਵਲੋਂ ਰਾਣਾ ਕੰਦੋਵਾਲੀਆ ਕੇਸ ਵਿੱਚ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਤੇ ਲਿਆਇਆ ਗਿਆ ਸੀ। ਅੰਮ੍ਰਿਤਸਰ ਅਦਾਲਤ ਦੇ ਬਾਹਰ ਹੁਸ਼ਿਆਰਪੁਰ ਪੁਲਿਸ ਦੀਆਂ ਗੱਡੀਆਂ ਭਾਰੀ ਸੁਰੱਖਿਆ ਹੇਠ ਉਸਨੂੰ ਲੈਕੇ ਜਾਇਆ ਜਾਵੇਗਾ। ਇਸ ਮੌਕੇ ਅਜੇ ਕਿਸੇ ਵੀ ਸੀਨੀਅਰ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਹੈ।
ਕੀ ਹੈ ਹੁਸ਼ਿਆਰਪੁਰ ਮਾਮਲਾ
ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ ਹੁਸ਼ਿਆਰਪੁਰ ਵਿਖੇ ਇਕ ਐਨਆਰਆਈ ਉੱਤੇ ਫਾਇਰਿੰਗ ਕੀਤੀ ਸੀ। ਮਾਮਲਾ 2019 ਦਾ ਹੈ, ਜਿਸ ਵਿਚ ਰਾਕੇਸ਼ ਅਗਰਵਾਲ ਨਾਮ ਦੇ ਇਕ ਸ਼ਰਾਬ ਦਾ ਠੇਕੇਦਾਰ ਕੋਲੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਜਿਸ ਤੇ ਰਾਕੇਸ਼ ਅਗਰਵਾਲ ਵਲੋਂ ਫਿਰੌਤੀ ਦੇਣ ਤੋਂ ਮਨਾ ਕਰ ਦਿੱਤਾ ਗਿਆ ਸੀ ਤਾਂ ਉਸਦੇ ਘਰ ਉੱਤੇ 4-5 ਲੋਕਾਂ ਵਲੋਂ ਜਬਰਦਸਤ ਫਾਇਰਿੰਗ ਕੀਤੀ ਗਈ ਸੀ। ਉਦੋਂ ਵੀ ਮੁੱਖ ਆਰੋਪੀ ਵਜੋਂ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆ ਰਿਹਾ ਹੈ।
