ਭਿੱਖੀਵਿੰਡ : ਝਗੜੇ ਦੌਰਾਨ ਇਕ ਧਿਰ ਦੀ ਮਦਦ ਲਈ ਜਾਣ ਦੀ ਰੰਜਿਸ਼ ਦੇ ਤਹਿਤ 6 ਗੱਡੀਆਂ ’ਤੇ ਸਵਾਰ ਹੋ ਕੇ ਆਏ 40 ਤੋਂ ਵੱਧ ਲੋਕਾਂ ਨੇ ਪਿੰਡ ਭਗਵਾਨਪੁਰਾ ਦੇ ਕੁਝ ਲੋਕਾਂ ’ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਵੱਖ-ਵੱਖ ਹਥਿਆਰਾਂ ਨਾਲ 250 ਤੋਂ 300 ਦੇ ਕਰੀਬ ਗੋਲ਼ੀਆਂ ਚਲਾਈਆਂ ਗਈਆਂ। ਜਿਸ ਕਾਰਨ ਪੰਜ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਇਕ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪੀਜੀਆਈ ਰੈਫਰ ਕੀਤਾ ਜਾ ਰਿਹਾ ਹੈ। ਮੌਕੇ ’ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਕੇ 9 ਲੋਕਾਂ ਨੂੰ ਨਾਮਜ਼ਦ ਵੀ ਕਰ ਲਿਆ ਹੈ।
ਜਗਰੂਪ ਸਿੰਘ ਪੁੱਤਰ ਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬਾਅਦ ਦੁਪਹਿਰ ਕਰੀਬ 4 ਵਜੇ ਉਹ ਤੇ ਉਸਦਾ ਭਰਾ ਸੁਖਦੇਵ ਸਿੰਘ ਜੋ ਦਿਵਿਆਂਗ ਹੈ, ਪਰਿਵਾਰ ਸਮੇਤ ਘਰ ਵਿਚ ਮੌਜੂਦ ਸਨ। ਬਾਹਰ ਗਲ਼ੀ ਵਿਚ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਤੇ ਉਸਦਾ ਭਰਾ ਘਰ ਦੇ ਬਾਹਰ ਆ ਗਏ। ਇਸੇ ਦੌਰਾਨ ਰਾਜਬੀਰ ਸਿੰਘ, ਗੁਰਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਜਗਬੀਰ ਸਿੰਘ ਪੁੱਤਰ ਦਰਬਾਰਾ ਸਿੰਘ, ਰਾਜਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ, ਗੁਰਲਾਲ ਸਿੰਘ ਲਾਲੀ ਪੁੱਤਰ ਕਰਨੈਲ ਸਿੰਘ, ਚਾਨਣ ਸਿੰਘ ਪੁੱਤਰ ਸੁਬੇਗ ਸਿੰਘ, ਬਖਸ਼ੀਸ਼ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰਾ ਤੋਂ ਇਲਾਵਾ ਇਕ ਵੱਡਾ ਖਾਰਾ ਪਿੰਡ ਦਾ ਮੁੰਡਾ ਜੋ ਦੁੱਧ ਦਾ ਕੰਮ ਕਰਦਾ ਹੈ, ਸਮੇਤ 20 ਤੋਂ 25 ਅਣਪਛਾਤੇ ਲੋਕ ਆਏ ਜਿਨ੍ਹਾਂ ਨੇ ਉਨ੍ਹਾਂ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਉਸਦੇ ਭਰਾ ਸੁਖਦੇਵ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਜੀਵਨ ਸਿੰਘ ਦੇ ਗੋਲ਼ੀਆਂ ਦੇ ਸ਼ਰੇ ਲੱਗੇ।
ਜਦੋਂਕਿ ਉਸਦੀ ਲੱਤ ’ਤੇ ਗੋਲ਼ੀ ਤੇ ਦਾਤਰ ਦੇ ਹੋਰ ਵਾਰ ਸਰੀਰ ਉੱਪਰ ਲੱਗੇ ਹਨ। ਜਗਰੂਪ ਸਿੰਘ, ਸਤਨਾਮ ਸਿੰਘ ਅਤੇ ਸੁਖਦੇਵ ਸਿੰਘ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂਕਿ ਵਿੱਕੀ ਪੁੱਤਰ ਪ੍ਰੇਮਜੀਤ ਸਿੰਘ ਦੇ ਲੱਤ ’ਚ ਗੋਲੀ ਤੇ ਸਿਰ ਵਿਚ ਦਾਤਰ ਲੱਗਾ ਹੈ ਅਤੇ ਮਨਦੀਪ ਸਿੰਘ ਪੁੱਤਰ ਬਲਬੀਰ ਸਿੰਘ ਦੇ ਸਿਰ ਵਿਚ ਗੋਲ਼ੀ ਲੱਗਣ ਕਰਕੇ ਤਰਨਤਾਰਨ ਰੈਫਰ ਕਰ ਦਿੱਤਾ ਗਿਆ ਜਿਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਅਤੇ ਵਿੱਕੀ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ ਹੈ। ਜਗਰੂਪ ਸਿੰਘ ਨੇ ਦੱਸਿਆ ਕਿ ਇਹ ਹਮਲਾ ਦੋ ਧਿਰਾਂ ਦੇ ਝਗੜੇ ’ਚ ਇਕ ਧਿਰ ਦੀ ਮਦਦ ਕਰਨ ਦੀ ਰੰਜਿਸ਼ ਤਹਿਤ ਕੀਤਾ ਗਿਆ ਹੈ।
ਉਸਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਕੋਲ 9 ਪਿਸਤੌਲ, ਦੋ 12 ਬੋਰ ਦੀਆਂ ਦੁਨਾਲੀ ਬੰਦੂਕਾਂ, ਦਾਤਰ ਅਤੇ ਬੇਸਬੈਟ ਸਨ। ਉਕਤ ਲੋਕਾਂ ਵੱਲੋਂ 250 ਤੋਂ 300 ਦੇ ਕਰੀਬ ਤਾਬੜ ਤੋੜ ਗੋਲ਼ੀਆਂ ਚਲਾਈਆਂ ਗਈਆਂ ਜਿਸ ਕਾਰਨ ਪਿੰਡ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਥਾਣਾ ਭਿੱਖੀਵਿੰਡ ਦੇ ਮੁਖੀ ਚਰਨ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਸ਼ਿਕਾਇਤ ਵਿਚ ਦੱਸੇ ਲੋਕਾਂ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਮਾਮਲੇ ਦੀ ਅਗਲੀ ਜਾਂਚ ਸਬ ਇੰਸਪੈਕਟਰ ਪੰਨਾ ਲਾਲ ਨੂੰ ਸੌਂਪੀ ਗਈ ਹੈ।
