ਜਲੰਧਰ: 13 ਸਾਲ ਤੋਂ ਟੋਲ ਅਦਾਇਗੀ ਕਰਨ ਦੇ ਬਾਵਜੂਦ ਸਹੂਲਤਾਂ ਦੀ ਘਾਟ ’ਚ ਹਾਦਸਿਆਂ ਤੇ ਟ੍ਰੈਫਿਕ ਜਾਮ ਦਾ ਸ਼ਿਕਾਰ ਬਣ ਰਹੇ ਵਾਹਨ ਚਾਲਕਾਂ ਨੂੰ ਹੁਣ 291.9 ਕਿਲੋਮੀਟਰ ਲੰਬੇ ਪਾਨੀਪਤ-ਜਲੰਧਰ ਸਿਕਸਲੇਨ ’ਤੇ ਕੁਝ ਰਾਹਤ ਮਿਲ ਸਕਦੀ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਵੱਲੋਂ ਜਲੰਧਰ ਤੇ ਫਗਵਾਡ਼ਾ ਦਰਮਿਆਨ ਤਿੰਨ ਨਵੇਂ ਪੁਲ਼ ਬਣਾਉਣ ’ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਗਵਾਡ਼ਾ ’ਚ 1.27 ਕਰੋਡ਼ ਰੁਪਏ, ਚਹੇਡ਼ੂ ’ਚ 45.34 ਕਰੋਡ਼ ਰੁਪਏ ਤੇ ਪਿੰਡ ਮਹੇਡ਼ੂ ’ਚ 15.615 ਕਰੋਡ਼ ਰੁਪਏ ਦੇ ਪੁਲ਼ ਤਿਆਰ ਕੀਤੇ ਜਾਣਗੇ।
ਜਲੰਧਰ-ਪਾਨੀਪਤ ਹਾਈਵੇ ’ਤੇ ਕਰੀਬ 10 ਵੱਡੇ ਤੇ ਛੋਟੇ ਪੁਲ਼ ਬਣਾਏ ਜਾਣਗੇ। ਇਸ ਤੋਂ ਇਲਾਵਾ ਰੋਡ ਓਵਰਬ੍ਰਿਜ, ਐਗਜ਼ਿਟ ਤੇ ਐਂਟਰੀ ਨੂੰ ਲੈ ਕੇ ਕੰਮ ਕੀਤਾ ਜਾਵੇਗਾ। ਐੱਨਐੱਚਏਆਈ ਵੱਲੋਂ ਤਿਆਰ ਕੀਤੇ ਗਏ ਇਸ ਨਵੇਂ ਪ੍ਰਾਜੈਕਟ ਤਹਿਤ ਆਰਓਬੀ ’ਤੇ 137.86 ਕਰੋਡ਼ ਰੁਪਏ ਖ਼ਰਚ ਹੋਣਗੇ। ਛੋਟੇ ਬ੍ਰਿਜ ’ਤੇ 12.92 ਕਰੋਡ਼, ਮੇਜਰ ਬ੍ਰਿਜ ’ਤੇ 71.52 ਕਰੋਡ਼, ਹੋਰ ਢਾਂਚੇ ’ਤੇ 1.33 ਕਰੋਡ਼, ਰੇਨਕਟ ’ਤੇ 40.37 ਕਰੋਡ਼, ਡ੍ਰੇਨੇਜ ਸਿਸਟਮ ’ਤੇ 102.48 ਕਰੋਡ਼, ਰਿਪੇਅਰ ’ਤੇ 166.12 ਕਰੋਡ਼, ਵਾਧੂ ਢਾਂਚੇ ’ਤੇ 10.94 ਕਰੋਡ਼, ਯੂਟਿਲਟੀ ਸ਼ਿਫਟਿੰਗ ’ਤੇ 20.00 ਕਰੋਡ਼, ਰਵਾਇਤੀ ਕੰਮਾਂ ’ਤੇ 8.45 ਕਰੋਡ਼ ਰੁਪਏ ਖ਼ਰਚ ਕੀਤੇ ਜਾਣਗੇ। ਕੁਲ 571.99 ਕਰੋਡ਼ ਦੀ ਰਾਸ਼ੀ ਖ਼ਰਚ ਹੋਵੇਗੀ।
11 ਸਾਲ ਬਾਅਦ ਦੇਰੀ ਨਾਲ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ
ਇਸ ਪ੍ਰਾਜੈਕਟ ’ਤੇ ਸਾਲ 2009 ’ਚ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਐਗਰੀਮੈਂਟ ਮੁਤਾਬਕ 2011 ’ਚ ਖ਼ਤਮ ਕੀਤਾ ਜਾਣਾ ਚਾਹੀਦਾ ਸੀ। ਹਾਲਾਂਕਿ ਪ੍ਰਾਜੈਕਟ ’ਚ ਡ੍ਰੇਨ, ਫੁਟ ਓਵਰਬ੍ਰਿਜ, ਫੁਟਪਾਥ ਤੇ ਹੋਰ ਸੁਰੱਖਿਆ ਤੇ ਸਹੂਲਤਾਂ ਲੋਕਾਂ ਨੂੰ ਨਾ ਮਿਲਣ ’ਤੇ ਐੱਨਐੱਚਏਆਈ ਨੇ ਸੋਮਾ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਟੈਂਡਰ ਰੱਦ ਕੀਤਾ ਸੀ। ਟੈਂਡਰ ਰੱਦ ਦੇ ਵਿਰੋਧ ’ਚ ਕੰਪਨੀ ਨੇ ਆਰਬੀਟ੍ਰੇਸ਼ਨ ’ਚ ਕੇਸ ਵੀ ਕੀਤਾ ਸੀ।
ਟੋਲ ਕੁਲੈਕਸ਼ਨ ਤੋਂ ਸਾਲਾਨਾ 600 ਕਰੋਡ਼ ਦੀ ਕਮਾਈ
ਸੋਮਾ ਕੰਪਨੀ ਨਾਲ ਕਰਾਰ ਰੱਦ ਹੋਣ ਤੋਂ ਬਾਅਦ ਐੱਨਐੱਚਏਆਈ ਤਿੰਨ ਵੱਖਰੀਆਂ ਕੰਪਨੀਆਂ ਰਾਹੀਂ ਵਾਹਨ ਚਾਲਕਾਂ ਤੋਂ ਕਰਨਾਲ, ਅੰਬਾਲਾ ਤੇ ਲਾਡੋਵਾਲ (ਲੁਧਿਆਣਾ) ’ਤੇ ਟੋਲ ਕੁਲੈਕਸ਼ਨ ਕਰ ਰਹੀ ਹੈ। ਇਕ ਅਨੁਮਾਨ ਮੁਤਾਬਕ ਸਾਲਾਨਾ 600 ਕਰੋਡ਼ ਦੀ ਆਮਦਨੀ ਟੋਲ ਕੁਲੈਕਸ਼ਨ ਤੋਂ ਹੋ ਰਹੀ ਹੈ।
ਇੱਥੇ ਬਣਨਗੇ ਆਰਓਬੀ
ਅੰਬਾਲਾ ਕੈਂਟ ’ਚ 32.437 ਕਰੋਡ਼ ਰੁਪਏ
ਰਾਜਪੁਰਾ ’ਚ 43.2 ਕਰੋਡ਼ ਰੁਪਏ
ਫਗਵਾਡ਼ਾ ’ਚ 1.27 ਕਰੋਡ਼ ਰੁਪਏ
ਚਹੇਡ਼ੂ ਵੇਈਂ ’ਤੇ 45.34 ਕਰੋਡ਼ ਰੁਪਏ
ਪਿੰਡ ਮਹੇਡ਼ੂ, ਫਗਵਾਡ਼ਾ, ਜਲੰਧਰ ਵਿਚਕਾਰ 15.615 ਕਰੋਡ਼ ਰੁਪਏ ਨਾਲ
ਇੱਥੇ ਹੋਣਗੇ ਛੋਟੇ ਬ੍ਰਿਜ
ਕਰਨਾਲ ’ਚ 2.45 ਕਰੋਡ਼ ਰੁਪਏ ਦੀ ਲਾਗਤ ਨਾਲ
ਕੁਰੂਕਸ਼ੇਤਰ ’ਚ 2.16 ਕਰੋਡ਼ ਰੁਪਏ ਦੀ ਲਾਗਤ ਨਾਲ
ਕੁਰੂਕਸ਼ੇਤਰ ’ਚ 1.97 ਕਰੋਡ਼ ਰੁਪਏ ਦੀ ਲਾਗਤ ਨਾਲ
ਅੰਬਾਲਾ ਰੂਰਲ 6.35 ਕਰੋਡ਼ ਰੁਪਏ ਦੀ ਲਾਗਤ ਨਾਲ
ਇੱਥੇ ਹੋਣਗੇ 100 ਮੀਟਰ ਤੋਂ ਵੱਧ ਵੱਡੇ ਬ੍ਰਿਜ
ਕਰਨ ਲੇਕ, ਕਰਨਾਲ ’ਚ 20.14 ਕਰੋਡ਼ ਰੁਪਏ ਦੀ ਲਾਗਤ ਨਾਲ
ਸਰਸਵਤੀ, ਪਿਪਲੀ ’ਚ 10.32 ਕਰੋਡ਼ ਰੁਪਏ ਦੀ ਲਾਗਤ ਨਾਲ
ਘੱਗਰ, ਅੰਬਾਲਾ ’ਚ 15.66 ਕਰੋਡ਼ ਰੁਪਏ ਦੀ ਲਾਗਤ ਨਾਲ
ਦੋਰਾਹਾ, ਲੁਧਿਆਣਾ ’ਚ 0.99 ਕਰੋਡ਼ ਰੁਪਏ ਦੀ ਲਾਗਤ ਨਾਲ
100 ਮੀਟਰ ਤੋਂ ਘੱਟ ਵਾਲੇ ਬ੍ਰੇਜ਼ਰ
ਕੁਰੂਕਸ਼ੇਤਰ ’ਚ 8.154 ਕਰੋਡ਼ ਦੀ ਲਾਗਤ ਨਾਲ
ਸਰਹਿੰਦ ਫ਼ਤਹਿਗਡ਼੍ਹ ’ਚ 16.25 ਕਰੋਡ਼ ਦੀ ਲਾਗਤ ਨਾਲ
ਹੋਰ ਢਾਂਚੇਸ, ਬਾਕਸ ਕਲਵਰਟ
ਜਲੰਧਰ ’ਚ 0.569 ਕਰੋਡ਼ ਦੀ ਲਾਗਤ ਨਾਲ
ਜਲੰਧਰ ’ਚ 0.76 ਕਰੋਡ਼ ਦੀ ਲਾਗਤ ਨਾਲ
ਟ੍ਰੈਫਿਕ ਮੁਤਾਬਕ ਤਿਆਰ ਕੀਤੇ ਜਾਣ ਡਿਜ਼ਾਈਨ : ਸੁਰਿੰਦਰ ਸੈਣੀ
ਸਡ਼ਕ ਸੁਰੱਖਿਆ ਮਾਹਿਰ ਸੁਰਿੰਦਰ ਸੈਣੀ ਨੇ ਕਿਹਾ ਕਿ ਪ੍ਰਾਜੈਕਟ ਤਾਂ 11 ਸਾਲ ਪਹਿਲਾਂ ਪੂਰਾ ਹੋ ਜਾਣਾ ਚਾਹੀਦਾ ਸੀ, ਪਰ 11 ਸਾਲ ਬਾਅਦ ਵੀ ਜੇਕਰ ਪੁਰਾਣੇ ਡਿਜ਼ਾਈਨ ’ਤੇ ਹੀ ਪੁਲ਼ਾਂ ਦਾ ਨਿਰਮਾਣ ਕੀਤਾ ਜਾਣਾ ਹੈ ਤਾਂ ਫਿਰ ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਮੌਜੂਦਾ ਸਮੇਂ ਦੀ ਲੋਡ਼ ਮੁਤਾਬਕ ਡਿਜ਼ਾਈਨ ਤਿਆਰ ਕੀਤੇ ਜਾਣ ਤਾਂ ਹੀ ਅਰਬਾਂ ਰੁਪਏ ਖ਼ਰਚ ਕਰਨ ਦਾ ਕੋਈ ਫ਼ਾਇਦਾ ਹੋਵੇਗਾ।
