ਚੰਡੀਗੜ੍ਹ :ਏਅਰ ਇੰਡੀਆ ਦੀ ਫਲਾਈਟ ’ਚ ਬਿਜ਼ਨੈੱਸ ਕਲਾਸ ਦੀ ਟਿਕਟ ਖ਼ਰੀਦਣ ਲਈ 8 ਲੱਖ ਰੁਪਏ ਤੋਂ ਵੱਧ ਖ਼ਰਚ ਕਰਨ ਦੇ ਬਾਵਜੂਦ ਇਕ ਬਜ਼ੁਰਗ ਜੋੜੇ ਨੂੰ ਟੁੱਟੀਆਂ ਸੀਟਾਂ ’ਤੇ ਬੈਠ ਕੇ 14 ਘੰਟੇ ਤੱਕ ਸਫ਼ਰ ਕਰਨਾ ਪਿਆ। ਸੈਕਟਰ-43 ’ਚ ਰਹਿਣ ਵਾਲੇ ਸੀਨੀਅਰ ਸਿਟੀਜ਼ਨ ਰਾਜੇਸ਼ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਗਾਮਿਨੀ ਚੋਪੜਾ ਜਨਵਰੀ 2023 ’ਚ ਨਿਊਯਾਰਕ ਤੋਂ ਦਿੱਲੀ ਗਏ ਸਨ। ਫਲਾਈਟ ’ਚ ਸੀਟਾਂ ਟੁੱਟਣ ਕਾਰਨ ਉਨ੍ਹਾਂ ਨੂੰ ਸਫ਼ਰ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਕੋਲ ਏਅਰ ਇੰਡੀਆ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤਕਰਤਾਵਾਂ ਨੂੰ ਹੋਈ ਪਰੇਸ਼ਾਨੀ ਲਈ ਏਅਰ ਇੰਡੀਆ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਮਿਸ਼ਨ ਨੇ ਏਅਰਲਾਈਨਜ਼ ’ਤੇ 50,000 ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ ਏਅਰਲਾਈਨਜ਼ ਨੂੰ ਸ਼ਿਕਾਇਤਕਰਤਾਵਾਂ ਨੂੰ ਮੁਕੱਦਮੇਬਾਜ਼ੀ ਦੇ ਖ਼ਰਚੇ ਵਜੋਂ 10,000 ਰੁਪਏ ਵੀ ਅਦਾ ਕਰਨੇ ਪੈਣਗੇ।
ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿਚ ਰਾਜੇਸ਼ ਚੋਪੜਾ ਅਤੇ ਗਾਮਿਨੀ ਚੋਪੜਾ ਨੇ ਕਿਹਾ ਕਿ ਉਨ੍ਹਾਂ ਨੇ 12 ਜਨਵਰੀ 2023 ਨੂੰ ਨਿਊਯਾਰਕ ਜੌਹਨ ਐਫ ਕੈਨੇਡੀ ਹਵਾਈ ਅੱਡੇ ਤੋਂ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ ਬੁੱਕ ਕੀਤੀ ਸੀ। ਉਨ੍ਹਾਂ ਨੇ ਫਲਾਈਟ ’ਚ ਬਿਜ਼ਨੈੱਸ ਕਲਾਸ ਦੀਆਂ ਦੋ ਸੀਟਾਂ ਬੁੱਕ ਕਰਵਾਈਆਂ ਸਨ, ਜਿਸ ਲਈ 8,24,964 ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਫਲਾਈਟ ’ਚ ਉਸ ਨੂੰ ਦਿੱਤੀਆਂ ਸੀਟਾਂ ਟੁੱਟੀਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਟੁੱਟੀਆਂ ਸੀਟਾਂ ’ਤੇ ਬੈਠ ਕੇ 14 ਘੰਟੇ ਸਫ਼ਰ ਕਰਨਾ ਪਿਆ। ਇੱਥੋਂ ਤੱਕ ਕਿ ਪੈਰ ਰੱਖਣ ਲਈ ਸਟੂਲ ਵੀ ਦਿੱਤੇ ਗਏ ਸਨ। ਇਸ ਕਾਰਨ ਸ਼ਿਕਾਇਤਕਰਤਾ ਰਾਜੇਸ਼ ਦੀਆਂ ਲੱਤਾਂ ਵਿਚ ਸੋਜ਼ ਅਤੇ ਦਰਦ ਹੋਣ ਲੱਗਾ। ਸੀਟਾਂ ਅਜਿਹੀਆਂ ਨਹੀਂ ਸਨ ਕਿ ਉਨ੍ਹਾਂ ਨੂੰ ਬਿਸਤਰਾ ਬਣਾਉਣ ਲਈ ਅੱਗੇ ਖਿਸਕਾਇਆ ਜਾ ਸਕੇ। ਸ਼ਿਕਾਇਤਕਰਤਾ ਜੋੜੇ ਨੇ ਕਮਿਸ਼ਨ ਨੂੰ ਸ਼ਿਕਾਇਤ ਵਿਚ ਟੁੱਟੀ ਸੀਟ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ।
ਰਾਜੇਸ਼ ਚੋਪੜਾ ਨੇ ਦੱਸਿਆ ਕਿ ਉਹ ਸੀਨੀਅਰ ਸਿਟੀਜ਼ਨ ਹਨ। ਉਹ ਬ੍ਰੇਨ ਸਟਰੋਕ ਦਾ ਮਰੀਜ਼ ਹੈ ਤੇ ਅਪਾਹਜ਼ ਵਿਅਕਤੀ ਹੈ। ਉਨ੍ਹਾਂ ਨੇ ਬਿਜ਼ਨਸ ਕਲਾਸ ਦੀਆਂ ਟਿਕਟਾਂ ਇਹ ਸੋਚ ਕੇ ਬੁੱਕ ਕਰਵਾਈਆਂ ਸਨ ਕਿ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਆਰਾਮ ਨਾਲ ਸਫ਼ਰ ਕਰ ਸਕਣ। ਉਹ ਫਿਜ਼ੀਓਥੈਰੇਪੀ ਸੈਸ਼ਨ ਕਰਵਾਉਣ ਲਈ ਅਮਰੀਕਾ ਗਏ ਸਨ ਪਰ ਫਲਾਈਟ ’ਚ ਉਨ੍ਹਾਂ ਨੂੰ ਲਗਾਤਾਰ 14 ਘੰਟੇ ਦੇ ਲੰਬੇ ਸਫ਼ਰ ’ਚ ਟੁੱਟੀਆਂ ਸੀਟਾਂ ’ਤੇ ਬੈਠਣ ਲਈ ਮਜਬੂਰ ਹੋਣਾ ਪਿਆ।
ਏਅਰਲਾਈਨਜ਼ ਦੀਆਂ ਕਾਰਵਾਈਆਂ ਸੇਵਾ ਤੋਂ ਘੱਟ ਹਨ : ਕਮਿਸ਼ਨ
ਏਅਰ ਇੰਡੀਆ ਵੱਲੋਂ ਕਮਿਸ਼ਨ ਅੱਗੇ ਕੋਈ ਪੇਸ਼ ਨਹੀਂ ਹੋਇਆ। ਇਸ ’ਤੇ ਕਮਿਸ਼ਨ ਨੇ ਕਿਹਾ ਕਿ ਇਹ ਸਪੱਸ਼ਟ ਤੌਰ ’ਤੇ ਸਾਬਤ ਹੁੰਦਾ ਹੈ ਕਿ ਸ਼ਿਕਾਇਤਕਰਤਾ ਬਜ਼ੁਰਗ ਜੋੜੇ ਨੂੰ ਫਲਾਈਟ ’ਚ ਦਿੱਤੀਆਂ ਸੀਟਾਂ ਖਰਾਬ ਸਨ। ਇਸ ਕਾਰਨ ਸ਼ਿਕਾਇਤਕਰਤਾ ਰਾਜੇਸ਼ ਚੋਪੜਾ ਨੂੰ ਪੈਰ ਅਤੇ ਲੱਤ ਵਿਚ ਸੋਜ਼ ਹੋਣ ਕਾਰਨ ਸਰੀਰਕ ਦਰਦ ਅਤੇ ਬੇਚੈਨੀ ਦਾ ਸਾਹਮਣਾ ਕਰਨਾ ਪਿਆ। ਲੰਬੇ ਹਵਾਈ ਸਫ਼ਰ ਦੌਰਾਨ ਨੁਕਸਦਾਰ ਸੀਟਾਂ ਕਾਰਨ ਬਜ਼ੁਰਗ ਜੋੜੇ ਨੂੰ ਵੀ ਮਾਨਸਿਕ ਪਰੇਸ਼ਾਨੀ ਝੱਲਣੀ ਪਈ। ਏਅਰਲਾਈਨਾਂ ਦੀਆਂ ਕਾਰਵਾਈਆਂ ਸੇਵਾ ਵਿਚ ਕਮੀ ਅਤੇ ਅਨੁਚਿਤ ਵਪਾਰਕ ਅਭਿਆਸਾਂ ਦੇ ਬਰਾਬਰ ਹਨ।