ਹਿਮਾਚਲ ਡੈਸਕ- ਪ੍ਰਦੇਸ਼ ‘ਚ ਬੁੱਧਵਾਰ ਸ਼ਆਮ ਤੋਂ ਲੈ ਕੇ ਦੇਰ ਰਾਤ ਤਕ ਹੋਈ ਮੋਹਲੇਧਾਰ ਬਾਰਿਸ਼ ਨੇ ਕਈ ਖੇਤਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਕ ਤਰ੍ਹਾਂ ਕੁਝ ਜ਼ਿਲ੍ਹਿਆਂ ‘ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤਾਂ ਕੁਝ ਜ਼ਿਲ੍ਹਿਆਂ ਦੇ ਲੋਕਾਂ ਲਈ ਬਾਰਿਸ਼ ਕਾਲ ਬਣ ਕੇ ਆਈ। ਕੁੱਲੂ ‘ਚ ਨਿਰਮੰਡ, ਸੈਂਜ ਅਤੇ ਮਲਾਨਾ ਇਲਾਕਿਆਂ, ਮੰਡੀ ‘ਚ ਪਧਰ ਅਤੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ‘ਚ ਬੱਦਲ ਫਟੇ। ਬੱਦਲ ਫਟਣ ਦੀਆਂ ਕਈ ਘਟਨਾਵਾਂ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 50 ਲੋਕ ਲਾਪਤਾ ਹਨ।
ਉਥੇ ਹੀ ਇਸ ਵਿਚਕਾਰ ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਭਵਿੱਖਬਾਣੀ ਕਰਦੇ ਹੋਏ ਕਿਹਾ ਹੈ ਕਿ ਦੱਖਣ-ਪੱਛਮੀ ਮਾਨਸੂਨ ਦੇ ਦੂਜੇ ਭਾਗ, ਯਾਨੀ ਅਗਸਤ ਅਤੇ ਸਤੰਬਰ ‘ਚ ਪੂਰੇ ਦੇਸ਼ ‘ਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਸਮੇਤ ਹਿਮਾਚਲ ਪ੍ਰਦੇਸ਼ ‘ਚ ਵੀ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਹਿਮਾਚਲ ‘ਚ ਭਾਰੀ ਬਾਰਿਸ਼ ਹੋਣ ਨਾਲ ਵੱਡੇ ਪੱਧਰ ‘ਤੇ ਨੁਕਸਾਨ ਝੱਲਣਾ ਪਿਆ ਹੈ। ਜੇਕਰ ਮੌਸਮ ਵਿਭਾਗ ਦੇ ਅਨੁਸਾਰ, ਬਾਰਿਸ਼ ਦਾ ਕਹਿਰ ਜਾਰੀ ਰਿਹਾ ਤਾਂ ਪ੍ਰਦੇਸ਼ ਨੂੰ ਹੋਰ ਨੁਕਸਾਨ ਝੱਲਣਾ ਪੈ ਸਕਦਾ ਹੈ। ਇਹ ਨੁਕਸਾਨ ਉਪਰਲੇ ਹਿੱਸਿਆਂ ‘ਚ ਜ਼ਿਆਦਾ ਝੱਲਣਾ ਪੈਂਦਾ ਹੈ ਜੋ ਜ਼ਿਆਦਾ ਪਹਾੜੀ ਖੇਤਰ ਹਨ।
ਅਗਲੇ ਚਾਰ-ਪੰਜ ਦਿਨ ਬਾਰਿਸ਼ ਜਾਰੀ ਰਹਿਣ ਦਾ ਅਨੁਮਾਨ
ਮੌਸਮ ਮਾਹਿਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਹਿਮਾਚਲ ਦੇ 20 ਸਟੇਸ਼ਨਾਂ ‘ਤੇ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਗਲੇ ਚਾਰ-ਪੰਜ ਦਿਨਾਂ ਤੱਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਬੁੱਧਵਾਰ ਸ਼ਾਮ ਤੋਂ ਸੂਬੇ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਪਾਲਮਪੁਰ ਵਿਚ ਰਾਜ ਵਿਚ ਸਭ ਤੋਂ ਵੱਧ 212 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸ ਤੋਂ ਬਾਅਦ ਚੌੜੀ ਵਿਚ 203 ਮਿ.ਮੀ., ਧਰਮਸ਼ਾਲਾ ਵਿਚ 183.2 ਮਿ.ਮੀ., ਜੋਗਿੰਦਰਨਗਰ ਵਿਚ 161 ਮਿ.ਮੀ., ਕਾਂਗੜਾ ਵਿਚ 150 ਮਿ.ਮੀ., ਸੁਜਾਨਪੁਰ ਤੀਰਾ ਵਿਚ 142 ਮਿ.ਮੀ., ਬੈਜਨਾਥ ਵਿਚ 135 ਮਿ.ਮੀ., ਪਾਉਂਟਾ ਸਾਹਿਬ ਵਿਚ 121.2 ਮਿ.ਮੀ., ਨਾਹਨ ਵਿਚ 98.9 ਮਿ.ਮੀ., ਕੁਫਰੀ ਵਿਚ 8.5 ਮਿ.ਮੀ. ਸ਼ਿਮਲਾ ਵਿਚ 64.6 ਮਿ.ਮੀ. ਬਾਰਿਸ਼ ਦਰਜ ਕੀਤੀ ਗਈ।
433 ਕਰੋੜ ਰੁਪਏ ਦਾ ਨੁਕਸਾਨ ਹੋਇਆ
ਹਿਮਾਚਲ ਪ੍ਰਦੇਸ਼ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਮੰਗਲਵਾਰ ਤੱਕ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ, ਰਾਜ ਵਿਚ 27 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਨੂੰ ਵੀ 433 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।