ਜੇਐੱਨਐੱਨ, ਜਲੰਧਰ : ਜਲੰਧਰ ਦੇ ਪਿੰਡ ਕੋਹਾਲਾਂ ‘ਚ ਕੁੜੀ ਨਾਲ ਫੇਰੇ ਲੈਣ ਤੋਂ ਪਹਿਲਾਂ ਮੁੰਦਰੀ ਹਲਕੀ ਹੋਣ ਤੇ ਵਿਚੌਲਣ ਭਾਬੀ ਨੂੰ ਮੁੰਦਰੀ ਨਾ ਪਾਉਣ ਤੋਂ ਗੁੱਸੇ ‘ਚ ਆ ਕੇ ਸਿਹਰੇ ਵਾਲੀ ਪੱਗੜੀ ਲਾਹੁਣ ਤੇ ਮੁੰਦਰੀਆਂ ਸੁੱਟਣ ‘ਤੇ ਕਪੂਰਥਲਾ ਦੇ ਪਿੰਡ ਨੂਰਪੁਰ ਦੋਨਾਂ ਦੇ ਨੌਜਵਾਨ (ਲਾੜੇ), ਉਸ ਦੇ ਪਿਤਾ, ਭਰਾ ਤੇ ਵਿਚੌਲਣ ਭਾਬੀ ਨੂੰ ਜੇਲ੍ਹ ਦਾ ਮੂੰਹ ਦੇਖਣਾ ਪਿਆ। ਦਾਜ ਦੀ ਮੰਗ ਕਾਰਨ ਗੁੱਸੇ ‘ਚ ਕੁੜੀ ਨੇ ਦੇਰ ਸ਼ਾਮ ਧਾਰਮਿਕ ਸਥਾਨ ‘ਤੇ ਫੇਰੇ ਤਾਂ ਲੈ ਲਏ ਪਰ ਡੋਲੀ ‘ਚ ਬੈਠਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਨੂਰਪੁਰ ਦੋਨਾਂ ਦਾ ਲਾੜਾ ਗੁਰਦਿਆਲ ਸਿੰਘ ਬਰਾਤ ਨਾਲ ਕੋਹਾਲਾਂ ‘ਚ ਪੁੱਜੇ। ਫੇਰੇ ਲੈਣ ਤੋਂ ਪਹਿਲਾਂ ਮੁੰਦਰੀ ਦਿਖਾਉਣ ‘ਤੇ ਮੁੰਦਰੀ ਹਲਕੀ ਹੋਣ ਤੇ ਵਿਚੌਲਣ ਸੰਦੀਪ ਕੌਰ ਨੂੰ ਮੁੰਦਰੀ ਨਾ ਪਾਏ ਜਾਣ ਤੋਂ ਖਫਾ ਹੋ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਦੋਵੇਂ ਧਿਰਾਂ ਦੇ ਲੋਕਾਂ ਦੇ ਸਾਹਮਣੇ ਗੁਰਦਿਆਲ ਸਿੰਘ ਦੇ ਸਿਰ ‘ਤੇ ਸਜਿਆ ਸਿਹਰਾ ਲਾਹ ਦਿੱਤਾ ਤੇ ਮੁੰਦਰੀਆਂ ਜ਼ਮੀਨ ‘ਤੇ ਸੁੱਟ ਦਿੱਤੀਆਂ। ਇਸ ਨਾਲ ਤਣਾਅ ਦੀ ਸਥਿਤੀ ਪੈਦਾ ਹੋ ਗਈ ਪਰ ਕੁੜੀ ਵਾਲਿਆਂ ਨੇ ਇੱਜ਼ਤ ਦਾ ਹਵਾਲਾ ਦੇ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਤੇ ਦੇਰ ਸ਼ਾਮ ਪਿੰਡ ਦੇ ਧਾਰਮਿਕ ਸਥਾਨ ‘ਤੇ ਫੇਰੇ ਕਰਵਾ ਦਿੱਤੇ ਪਰ ਫੇਰਿਆਂ ਤੋਂ ਬਾਅਦ ਅਚਾਨਕ ਕੁੜੀ ਨੇ ਡੋਲੀ ‘ਚ ਬੈਠਣ ਤੋਂ ਸਾਫ ਇਨਕਾਰ ਕਰ ਦਿੱਤਾ।
