ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ‘ਚ ਹੋਈ ਹਾਰ ਤੋਂ ਬਾਅਦ ਅੱਜ ਇੱਥੇ ਕਾਂਗਰਸੀ ਆਗੂਆਂ ਦੀ ਸਮੀਖਿਆ ਮੀਟਿੰਗ ਕੀਤੀ ਜਾ ਰਹੀ ਹੈ। ਇਸ ਵਿੱਚ ਚੰਨੀ ਸਰਕਾਰ ‘ਚ ਮੰਤਰੀ ਰਹਿ ਚੁੱਕੇ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਸ ਸਮੇਂ ਇਕ-ਦੂਜੇ ’ਤੇ ਚਿੱਕੜ ਨਹੀਂ ਸੁੱਟਣਾ ਚਾਹੀਦਾ। ਹਾਰ ਤੋਂ ਸਬਕ ਲੈਂਦਿਆਂ ਭਵਿੱਖ ਲਈ ਰਣਨੀਤੀ ਬਣਾਉਣੀ ਚਾਹੀਦੀ ਹੈ। ਕਾਂਗਰਸ ਭਵਨ ‘ਚ ਸਮੀਖਿਆ ਮੀਟਿੰਗ ‘ਚ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ (Harish Chaudhary) , ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਤੇ ਚਰਨਜੀਤ ਸਿੰਘ ਚੰਨੀ (Charanjit Singh Channi) ਵੀ ਪੁੱਜੇ। ਪਹਿਲਾਂ ਇਨ੍ਹਾਂ ਤਿੰਨਾਂ ਆਗੂਆਂ ਨੇ ਇਕੱਠਿਆਂ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਹੋਰ ਆਗੂ ਇਸ ਵਿੱਚ ਸ਼ਾਮਲ ਹੋਏ। ਬਾਅਦ ‘ਚ ਚਰਨਜੀਤ ਸਿੰਘ ਚੰਨੀ (Charanjit Singh Channi) ਮੀਟਿੰਗ ਛੱਡ ਕੇ ਚਲੇ ਗਏ।
ਇਸ ਦੌਰਾਨ ਬੱਸੀ ਪਠਾਣਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ। ਰਾਹੁਲ ਗਾਂਧੀ ਨੂੰ ਮਿਸ ਗਾਈਡ ਕੀਤਾ ਗਿਆ। ਉਨ੍ਹਾਂ ਚੰਨੀ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਨੇ ਮੈਨੂੰ ਹਰਾਉਣ ਲਈ ਬੱਸੀ ਪਠਾਣਾਂ ‘ਚ ਪੰਜ ਕਰੋੜ ਰੁਪਏ ਖਰਚ ਕੀਤੇ। ਜੀਪੀ ਨੇ ਕਿਹਾ ਕਿ ਚੰਨੀ ਜਾਤ ਪੱਖੋਂ ਸਿਰਫ਼ ਐਸਸੀ ਹੈ, ਉਹ ਗਰੀਬ ਨਹੀਂ ਹੈ। ਖਰੜ ‘ਚ ਉਨ੍ਹਾਂ ਦਾ ਮਹਿਲ ਦੇਖ ਲਓ। ਜੀਪੀ ਨੇ ਕਿਹਾ ਕਿ ਜੋ ਆਪਣਾ ਪਰਿਵਾਰ ਨਹੀਂ ਸੰਭਾਲ ਸਕਦੇ ਉਹ ਪੰਜਾਬ ਨੂੰ ਕਿਵੇਂ ਸੰਭਾਲਣਗੇ।
ਮੀਟਿੰਗ ‘ਚ ਪਰਗਟ ਸਿੰਘ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਬਹੁਤ ਸਾਰੀਆਂ ਜਿੱਤਾਂ ਤੇ ਹਾਰਾਂ ਵੇਖੀਆਂ ਹਨ। ਓਲੰਪਿਕ ਤੋਂ ਲੈ ਕੇ ਰਾਜਨੀਤੀ ਤਕ ਹਾਰ-ਜਿੱਤ ਦਾ ਸਿਲਸਿਲਾ ਰਿਹਾ ਹੈ। ਪਰਗਟ ਨੇ ਕਿਹਾ ਕਿ 1952 ਤੋਂ ਬਾਅਦ ਕੋਈ ਵੀ ਜਲੰਧਰ ਛਾਉਣੀ ਤੋਂ ਦੂਜੀ ਵਾਰ ਚੋਣ ਨਹੀਂ ਜਿੱਤਿਆ ਹੈ। ਪਹਿਲਾਂ ਉਹ ਕਹਿੰਦੇ ਸਨ ਕਿ ਕੋਈ ਸਿੱਖਿਆ ਮੰਤਰੀ ਨਹੀਂ ਜਿੱਤਿਆ, ਪਰ ਮੈਂ ਜਿੱਤ ਗਿਆ ਹਾਂ। ਪਰਗਟ ਨੇ ਕਿਹਾ ਕਿ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ। ਜੇ ਚਰਨਜੀਤ ਸਿੰਘ ਚੰਨੀ ਆਪਣੇ ਭਰਾ ਨੂੰ ਨਹੀਂ ਬਿਠਾ ਸਕੇ ਤਾਂ ਦੱਸ ਦੇਣਾ ਚਾਹੀਦਾ ਸੀ। ਪਰਗਟ ਨੇ ਕਿਹਾ ਕਿ ਟੀਮ ਕੋਲੋਂ ਗਲਤੀਆਂ ਹੋਈਆਂ ਹਨ।
