ਚੰਡੀਗਡ਼੍ਹ : ਕੱਲ੍ਹ ਸ਼ਾਮ ਨੈਸ਼ਨਲ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਕਾਰਨ ਪੰਜ ਸੂਬਿਆਂ ਦੇ ਪਾਰਟੀ ਪ੍ਰਧਾਨਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਸੀ। ਇਸ ਦੇ ਚਲਦੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਕਾਂਗਰਸ ਦੇ ਫਾਇਰ ਬਰਾਂਡ ਨੇਤਾ ਨਵਜੋਤ ਸਿੰਘ ਸਿੱਧੂ ਅੱਠ ਮਹੀਨੇ ਤਕ ਵੀ ਸੂਬਾ ਪ੍ਰਧਾਨ ਦੀ ਜ਼ਿੰਮੇਦਾਰੀ ਨਹੀਂ ਸੰਭਾਲ ਸਕੇ। ਮੰਨਿਆ ਜਾ ਰਿਹਾ ਹੈ ਕਿ ਸੋਨੀਆ ਨੂੰ ਪੰਜਾਬ ਵਿਚ ਸਿੱਧੂ ਮਾਡਲ ਰਾਸ ਨਹੀਂ ਆਇਆ।
ਭਾਵੇਂ ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਤੋਂ ਅਸਤੀਫ਼ਾ ਮੰਗ ਲਿਆ ਹੈ, ਪਰ ਸਿੱਧੂ ਨੇ ਹਾਰ ਤੋਂ ਬਾਅਦ ਅਸਤੀਫ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਚੋਣ ਚਰਨਜੀਤ ਸਿੰਘ ਚੰਨੀ ਦੇ ਚਿਹਰੇ ’ਤੇ ਲਡ਼ੀ ਗਈ ਸੀ। ਇਸ ਲਈ ਉਹ ਅਸਤੀਫ਼ਾ ਨਹੀਂ ਦੇਣਗੇ। ਕਾਂਗਰਸ ਨੇ ਮੰਗਲਵਾਰ ਤੋਂ ਹੀ ਹਾਰ ਦੀ ਸਮੀਖਿਆ ਕਰਨੀ ਸ਼ੁਰੂ ਕੀਤੀ। ਇਸ ਦੇ ਲਈ ਮਾਲਵਾ ਜ਼ੋਨ ਦੀ ਮੀਟਿੰਗ ਹੋ ਚੁੱਕੀ ਹੈ। ਇਸ ਵਿਚ ਜ਼ਿਆਦਾਤਰ ਆਗੂਆਂ ਨੇ ਸਿੱਧੂ, ਚੰਨੀ ਤੇ ਜਾਖਡ਼ ਸਿਰ ਹਾਰ ਦਾ ਠੀਕਰਾ ਭੰਨ੍ਹਿਆ ਹੈ।
ਫਿਰ ਕਿਸੇ ਹਿੰਦੂ ਨੇਤਾ ਨੂੰ ਮਿਲ ਸਕਦੀ ਹੈ ਕਮਾਨ
ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ’ਚ ਸੂਬਾ ਪ੍ਰਧਾਨ ਦੀ ਕਮਾਨ ਕਿਸੇ ਹਿੰਦੂ ਚਿਹਰੇ ਨੂੰ ਮਿਲ ਸਕਦੀ ਹੈ। 2021 ’ਚ ਕਾਂਗਰਸ ਨੇ ਐੱਸਸੀ ਤੇ ਜੱਟ ਸਿੱਖ ਦਾ ਪੱਤਾ ਖੇਡਿਆ ਸੀ। ਇਹ ਤਜਰਬਾ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਇਆ, ਕਿਉਂਕਿ ਐੱਸਸੀ ਮੁੱਖ ਮੰਤਰੀ ਤੇ ਜੱਟ ਸਿੱਖ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਕਾਂਗਰਸ ਨੂੰ ਨਾ ਤਾਂ ਆਸ ਮੁਤਾਬਕ ਜੱਟ ਸਿੱਖ ਵੋਟ ਮਿਲੀ ਤੇ ਨਾ ਹੀ ਐੱਸਸੀ ਦੀ। ਉਲਟਾ ਹਿੰਦੂ ਵੋਟਰ ਵੀ ਕਾਂਗਰਸ ਦੇ ਹੱਥੋਂ ਜਾਂਦੇ ਰਹੇ। 2017 ’ਚ 77 ਸੀਟਾਂ ਜਿੱਤਣ ਵਾਲੀ ਕਾਂਗਰਸ 2022 ’ਚ 18 ਸੀਟਾਂ ’ਤੇ ਸਿਮਟ ਗਈ। ਇਸ ਨੂੰ ਦੇਖਦੇ ਹੋਏ ਕਾਂਗਰਸ ਹੁਣ ਫਿਰ ਹਿੰਦੂ ਨੂੰ ਸੂਬੇ ਦੀ ਕਮਾਨ ਸੌਂਪ ਸਕਦੀ ਹੈ। ਕਾਂਗਰਸ ਨੂੰ ਅਜਿਹੇ ਹਿੰਦੂ ਚਿਹਰੇ ਦੀ ਤਲਾਸ਼ ਹੈ, ਜੋ ਪਾਰਟੀ ਨੂੰ ਇਕੱਠੀ ਕਰ ਕੇ ਚੱਲ ਸਕੇ। ਅਜਿਹੇ ’ਚ ਸਭ ਦੀ ਨਜ਼ਰ ਸੁਨੀਲ ਜਾਖਡ਼ ਵੱਲ ਉੱਠ ਰਹੀ ਹੈ, ਪਰ ਜਾਖਡ਼ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਹੁਣ ਉਹ ਸਰਗਰਮ ਸਿਆਸਤ ’ਚੋਂ ਬਾਹਰ ਹਨ।
