ਸ੍ਰੀ ਆਨੰਦਪੁਰ ਸਾਹਿਬ : ਖਾਲਸੇ ਦੇ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀ ਆਰੰਭਤਾ ਵੀਰਵਾਰ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 14 ਤੋਂ 16 ਮਾਰਚ ਤਕ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਗਿਆ। 17 ਤੋਂ 19 ਮਾਰਚ ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਇਹ ਤਿਉਹਾਰ ਮਨਾਇਆ ਜਾਵੇਗਾ। ਇਸ ਸਬੰਧੀ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਭਾਵੇਂ ਹੋਲਾ ਮਹੱਲਾ ਵੀਰਵਾਰ ਤੋਂ ਆਰੰਭ ਹੋਵੇਗਾ ਪਰ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਹੁਣ ਤੋਂ ਹੀ ਨਜ਼ਰ ਆ ਰਿਹਾ ਹੈ ਤੇ ਸੰਗਤਾਂ ਹੁਣ ਤੋਂ ਹੀ ਵੱਡੀ ਗਿਣਤੀ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂ ਘਰਾਂ ਵਿਚ ਦਰਸ਼ਨ ਦੀਦਾਰੇ ਕਰ ਰਹੀਆਂ ਹਨ।
ਸੰਗਤਾਂ ਦੇ ਸਵਾਗਤ ਲਈ ਮੁਕੰਮਲ ਹਨ ਤਿਆਰੀਆਂ : ਮੈਨੇਜਰ
ਇਸ ਸਬੰਧੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਪੁੱਜ ਰਹੀਆਂ ਸੰਗਤਾਂ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੰਗਤਾਂ ਲਈ ਜਿੱਥੇ ਗੁਰੂ ਘਰਾਂ ਵਿਚ ਆਸਾਨੀ ਨਾਲ ਮੱਥਾ ਟੇਕਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ, ਉਥੇ ਜੋੜਾ ਘਰ, ਗੱਠੜੀ ਘਰ, ਠੰਡੇ ਪਾਣੀ ਦੀਆਂ ਛਬੀਲਾਂ, ਬਿਜਲੀ, ਪਾਣੀ, ਕੜਾਹ ਪ੍ਰਸ਼ਾਦ ਦੀ ਦੇਗ, ਸਰੋਵਰਾਂ ਵਿਚ ਇਸ਼ਨਾਨ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਗੁਰੂ ਘਰਾਂ ਵਿਚ ਰੰਗ ਰੋਗਨ ਅਤੇ ਰੋਸ਼ਨੀਆਂ ਦਾ ਸਾਰਾ ਕੰਮ ਵੀ ਪੂਰਾ ਕਰ ਲਿਆ ਗਿਆ ਹੈ ਤੇ ਬਾਹਰੋਂ ਹੋਰ ਸੇਵਾਦਾਰ ਵੀ ਮੰਗਵਾਏ ਗਏ ਹਨ ਤਾਂ ਜੋ ਯੋਗ ਪ੍ਰਬੰਧ ਕੀਤੇ ਜਾ ਸਕਣ।
17 ਤੇ 18 ਨੂੰ ਹੋਣਗੇ ਗਤਕੇ ਮੁਕਾਬਲੇ
ਹੋਲੇ ਮਹੱਲੇ ਦੇ ਪਹਿਲੇ ਤੇ ਦੂਜੇ ਦਿਨ ਗਤਕੇ ਮੁਕਾਬਲੇ ਕਰਵਾਏ ਜਾਣਗੇ। ਨਿਹੰਗ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘਾਂ ਵਿਖੇ ਇਹ ਮੁਕਾਬਲੇ ਹੋਣਗੇ ਜਿਸ ਵਿਚ ਗਤਕੇ ਦੇ ਜੌਹਰ ਦਿਖਾਏ ਜਾਣਗੇ ਤੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
17 ਨੂੰ ਹੋਵੇਗਾ ਬਸੰਤ ਕੀਰਤਨ ਸਮਾਗਮ
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 17 ਮਾਰਚ ਰਾਤ ਨੂੰ ਬਸੰਤ ਕੀਰਤਨ ਸਮਾਗਮ ਹੋਵੇਗਾ ਜਿਸ ਵਿਚ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀ ਜਥਿਆਂ ਦੇ ਨਾਲ ਕੌਮੀ ਰਾਗੀ ਵੀ ਹਾਜ਼ਰੀਆਂ ਭਰਨਗੇ। ਰਾਤ 8 ਤੋਂ ਅੰਮਿ੍ਤ ਵੇਲੇ 3 ਵਜੇ ਤਕ ਹੋਣ ਵਾਲੇ ਇਸ ਸਮਾਗਮ ਵਿਚ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਨਗੀਆਂ।
18 ਨੂੰ ਹੋਵੇਗਾ ਕਵੀ ਦਰਬਾਰ
ਦਸਮ ਪਾਤਸ਼ਾਹ ਦਾ ਕਵੀਆਂ ਦੇ ਨਾਲ ਬਹੁਤ ਪਿਆਰ ਸੀ। ਇਸ ਨੂੰ ਅੱਗੇ ਤੋਰਦਿਆਂ ਤਖਤ ਸਾਹਿਬ ਵਿਖੇ 18 ਮਾਰਚ ਨੂੰ ਕਵੀ ਦਰਬਾਰ ਹੋਵੇਗਾ। ਰਾਤ 9.30 ਤੋਂ 12 ਵਜੇ ਤਕ ਹੋਣ ਵਾਲੇ ਇਸ ਕਵੀ ਦਰਬਾਰ ਵਿਚ ਉਚਕੋਟੀ ਦੇ ਕਵੀ ਹਾਜ਼ਰੀਆਂ ਭਰ ਕੇ ਕਵਿਤਾਵਾਂ ਰਾਹੀਂ ਗੁਰੂ ਸਾਹਿਬ ਦੇ ਗੁਣ ਗਾਇਨ ਕਰਨਗੇ।
19 ਨੂੰ ਹੋਵੇਗਾ ਢਾਡੀ ਦਰਬਾਰ
19 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਢਾਡੀ ਦਰਬਾਰ ਕਰਵਾਇਆ ਜਾਵੇਗਾ। ਦੁਪਹਿਰ 12.30 ਤੋਂ ਸ਼ਾਮ 5.30 ਅਤੇ ਰਾਤ 10 ਵਜੇ ਤੋਂ ਦੁਪਹਿਰ 1 ਵਜੇ ਤਕ ਹੋ ਰਹੇ ਇਸ ਢਾਡੀ ਦਰਬਾਰ ਵਿਚ ਨਾਮੀ ਢਾਡੀ ਸਾਹਿਬਾਨ ਹਾਜ਼ਰੀਆਂ ਭਰਨਗੇ।
ਤਿੰਨ ਦਿਨ ਲਗਾਤਾਰ ਹੋਵੇਗਾ ਅੰਮਿ੍ਤ ਸੰਚਾਰ
ਹੋਲੇ ਮਹੱਲੇ ਦੇ ਤਿੰਨੇ ਦਿਨ 17 ਤੋਂ 19 ਮਾਰਚ ਤਕ ਲਗਾਤਾਰ ਤਖਤ ਸਾਹਿਬ ਵਿਖੇ ਅੰਮਿ੍ਤ ਸੰਚਾਰ ਸਮਾਗਮ ਹੋਣਗੇ। ਅੰਮਿ੍ਤ ਛਕਣ ਵਾਲਿਆਂ ਲਈ ਕੇਸੀਂ ਇਸ਼ਨਾਨ ਕਰਕੇ ਅਤੇ ਪੰਜੇ ਕਕਾਰਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਲਗਾਤਾਰ ਹੋ ਰਹੇ ਅੰਮਿ੍ਤ ਸੰਚਾਰ ਦੌਰਾਨ ਸ਼ਰਧਾਲੂ ਅੰਮਿ੍ਤ ਛਕ ਕੇ ਸਿੰਘ ਸਜਣਗੇ।
19 ਨੂੰ ਸਜਾਇਆ ਜਾਵੇਗਾ ਮਹੱਲਾ
ਹੋਲੇ ਮਹੱਲੇ ਦੀ ਸ਼ਾਨ ਮੰਨੇ ਜਾਂਦੇ ਮਹੱਲਾ ਨੂੰ 19 ਮਾਰਚ ਦੁਪਹਿਰ 12 ਵਜੇ ਸਜਾਇਆ ਜਾਵੇਗਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼ਾਨਦਾਰ ਮਹੱਲੇ ਦਾ ਆਗਾਜ਼ ਹੋਵੇਗਾ ਜਿਸ ਵਿਚ ਤਖਤਾਂ ਦੇ ਜਥੇਦਾਰ, ਜਥੇਬੰਦੀਆਂ ਦੇ ਮੁਖੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਗਤਕਾ ਖੇਡਦੀਆਂ ਤੇ ਨਿਹੰਗ ਬਾਣੇ ਵਿਚ ਸਜੀਆਂ ਮਹੱਲੇ ਦੀ ਸ਼ੋਭਾ ਵਧਾਉਣਗੀਆਂ।
ਮੇਲੇ ਲਈ ਪ੍ਰਸ਼ਾਸਨ ਨੇ ਕੀਤੇ ਪੁਖ਼ਤਾ ਪ੍ਰਬੰਧ
ਪ੍ਰਸ਼ਾਸਨ ਵੱਲੋਂ ਹੋਲਾ ਮਹੱਲਾ ਮੌਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ 4500 ਦੇ ਕਰੀਬ ਪੁਲਿਸ ਮੁਲਾਜ਼ਮ ਬੁਲਾਏ ਗਏ ਹਨ, ਉਥੇ ਚਿੱਟ ਕੱਪੜੀਆ ਪੁਲਿਸ, ਲੇਡੀ ਪੁਲਿਸ, ਸੀਆਈਡੀ ਆਦਿ ਦੇ ਮੁਲਾਜ਼ਮ ਚੱਪੇ-ਚੱਪੇ ਤੇ ਨਜ਼ਰ ਰੱਖ ਰਹੇ ਹਨ। ਸੰਗਤਾਂ ਦੀ ਸਹੂਲਤ ਲਈ ਟ੍ਰੈਫਿਕ ਰੂਟ ਤਿਆਰ ਕੀਤੇ ਗਏ ਹਨ ਤਾਂ ਜੋ ਸ਼ਹਿਰ ਦੇ ਅੰਦਰ ਜਾਮ ਵਾਲੀ ਸਥਿਤੀ ਪੈਦਾ ਨਾ ਹੋਵੇ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਐੱਸਐੱਸਪੀ ਵਿਵੇਕਸ਼ੀਲ ਸੋਨੀ, ਮੇਲਾ ਅਫਸਰ ਐੱਸਡੀਐੱਮ ਕੇਸ਼ਵ ਗੋਇਲ, ਡੀਐੱਸਪੀ ਅਜੇ ਸਿੰਘ ਸਾਰੀ ਸਥਿਤੀ ‘ਤੇ ਪਲ-ਪਲ ਦੀ ਨਜ਼ਰ ਰੱਖ ਰਹੇ ਹਨ।
