ਸ਼ਹਿਰ ‘ਚ ਟ੍ਰੈਫਿਕ ਵਿਵਸਥਾ ਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਡੀਸੀ
ਜਲੰਧਰ : ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ‘ਚ ਵੱਡੇ ਪੱਧਰ ‘ਤੇ ਨਿਗਰਾਨੀ ਤੇ ਟ੍ਰੈਫਿਕ ਵਿਵਸਥਾ ਲਈ ਜਲਦ 1200 ਸੀਸੀਟੀਵੀ ਕੈਮਰੇ ਤੇ ਪੁਲਿਸ ਲਾਈਨਜ਼ ਵਿਖੇ ਏਕੀਕ੍ਰਿਤ ਕਮਾਂਡ ਤੇ ਕੰਟਰੋਲ ਸੈਂਟਰ (ਆਈਸੀਸੀਸੀ) ਸਥਾਪਤ ਕੀਤਾ ਜਾਵੇਗਾ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਗੀਦਾਰਾਂ ਨਾਲ ਪਹਿਲੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਆਪੋਂ-ਆਪਣੇ ਅਧਿਕਾਰ ਖੇਤਰ ‘ਚ ਆਉਂਦੇ ਸਾਰੇ ਖੇਤਰਾਂ ਲਈ ਸਾਈਟ ਦਾ ਸਰਵੇਖਣ ਮੁਕੰਮਲ ਕਰਨ ਲਈ ਕਿਹਾ ਤਾਂ ਜੋ ਇਸ ਪ੍ਰਰਾਜੈਕਟ ਨੂੰ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਪੂਰਾ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ, ਜਿਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਤੂਰ ਤੇ ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਵੀ ਮੌਜੂਦ ਸਨ, ਨੇ ਸ਼ਹਿਰ ਵਿੱਚ ਮਜ਼ਬੂਤ ਸੁਰੱਖਿਆ ਵਿਵਸਥਾ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਨਜ਼ਰੀਏ ਤੋਂ ਇਸ ਪ੍ਰਰਾਜੈਕਟ ਨੂੰ ਮਹੱਤਵਪੂਰਨ ਕਰਾਰ ਦਿੱਤਾ।
ਉਨ੍ਹਾਂ ਦੱਸਿਆ ਕਿ 78 ਕਰੋੜ ਦੀ ਲਾਗਤ ਵਾਲੇ ਇਸ ਪ੍ਰਰਾਜੈਕਟ ਦਾ ਠੇਕਾ ਕੇਈਸੀ ਨੂੰ ਦਿੱਤਾ ਗਿਆ ਹੈ ਤੇ ਪ੍ਰਰਾਜੈਕਟ ਸ਼ੁਰੂ ਹੋਣ ਦੀ ਮਿਤੀ ਤੋਂ 9 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਰਾਜੈਕਟ ‘ਚ ਸਿਟੀ ਸਰਵੇਲੈਂਸ, ਅਡੈਪਟਿਵ ਟਰੈਫਿਕ ਕੰਟਰੋਲ ਸਿਸਟਮ ਤੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ, ਵੇਰੀਏਬਲ ਮੈਸੇਜ ਸਾਈਨ ਬੋਰਡ ਦੀ ਸਥਾਪਨਾ, ਪਬਲਿਕ ਐਡਰੈਸ ਸਿਸਟਮ, ਐਮਰਜੈਂਸੀ ਕਾਲ ਬਾਕਸ, ਵੀਡੀਓ ਮੈਨੇਜਮੈਂਟ ਸਿਸਟਮ, ਪੋਲ ਤੇ ਜੰਕਸ਼ਨ ਬਾਕਸ, ਏਅਰ ਕੁਆਲਿਟੀ ਸੈਂਸਰ, ਏਕੀਕਰਨ, ਰੀਜਨਰ ਡਾਟਾ ਸੈਂਟਰ, ਨੈੱਟਵਰਕ ਸੈੱਟਅੱਪ ਤੇ ਆਈਸੀਸੀਸੀ ਪਲੇਟਫਾਰਮ ਸ਼ਾਮਲ ਹਨ।
ਡੀਸੀ ਨੇ ਅੱਗੇ ਦੱਸਿਆ ਕਿ ਇਹ ਵਿਸ਼ਾਲ ਬੁਨਿਆਦੀ ਢਾਂਚਾ ਈ-ਚਲਾਨ ਪ੍ਰਣਾਲੀ ਦੇ ਏਕੀਕ੍ਰਿਤ ਹੋਣ ਦੇ ਨਾਲ ਸਵੈਚਾਲਤ ਨੰਬਰ ਪਲੇਟ ਪਛਾਣ ਤੇ ਲਾਲ ਬੱਤੀ ਦੀ ਉਲੰਘਣਾ ਦਾ ਪਤਾ ਲਗਾਉਣ ਵਰਗੀਆਂ ਸਹੂਲਤਾਂ ਨਾਲ ਲੈੱਸ ਹੋਵੇਗਾ। ਇਸੇ ਤਰ੍ਹਾਂ ਫੇਸ ਰਿਕੋਗਨੇਸ਼ਨ ਸਿਸਟਮ ਸ਼ਹਿਰ ‘ਚ ਕਈ ਥਾਵਾਂ ‘ਤੇ ਅਪਰਾਧ ‘ਤੇ ਕਾਬੂ ਰੱਖਣ ‘ਚ ਮਦਦਗਾਰ ਸਾਬਤ ਹੋਵੇਗਾ। ਡੀਸੀ ਨੇ ਨਗਰ ਨਿਗਮ, ਪੀਐੱਸਪੀਸੀਐੱਲ, ਪੀਡਬਲਿਊਡੀ ਤੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਪਬਲਿਕ ਐਡਰੈੱਸ ਸਿਸਟਮ ਲਗਾਉਣ, ਐਮਰਜੈਂਸੀ ਕਾਲ ਬਾਕਸ ਦੀ ਸਥਾਪਨਾ, ਸਾਰੇ ਉਪਕਰਨਾਂ ਨੂੰ ਬਿਜਲੀ ਦੀ ਸਪਲਾਈ ਤੇ ਮਸ਼ੀਨਰੀ ਨੂੰ ਸਥਾਪਤ ਕਰਨ ਲਈ ਸਥਾਨਾਂ ਦੀ ਚੋਣ ਸਬੰਧੀ ਇਸ ਪ੍ਰਰਾਜੈਕਟ ਤਹਿਤ ਉਨ੍ਹਾਂ ਨੂੰ ਸੌਂਪੇ ਗਏ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਕਰਨ ਲਈ ਕਿਹਾ।
