ਕਾਹਨੂੰਵਾਨ : ਸ਼ੁੱਕਰਵਾਰ ਦੇਰ ਸ਼ਾਮ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਗੁੰਨੋਪੁਰ ‘ਚ ਸ਼ਿਵ ਸੈਨਾ ਦੇ ਇਕ ਅਖੌਤੀ ਆਗੂ ਵੱਲੋਂ ਛੋਟੀ ਜਿਹੀ ਤਕਰਾਰ ਪਿੱਛੋਂ ਕੁਝ ਨੌਜਵਾਨਾਂ ਉੱਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਕਾਰਨ ਪਿੰਡ ਗੁੰਨੋਪੁਰ ਤੇ ਇਲਾਕੇ ਦੇ ਲੋਕ ਰੋਹ ‘ਚ ਆ ਗਏ ਤੇ ਉਨ੍ਹਾਂ ਸ਼ਿਵਸੈਨਾ ਆਗੂ ਪ੍ਰਦੀਪ ਕੁਮਾਰ ਪੁੱਤਰ ਨਰੇਸ਼ ਕੁਮਾਰ ਨੂੰ ਉਸ ਦੇ ਪਿਤਾ ਸਮੇਤ ਦੁਕਾਨ ਅੰਦਰ ਡੱਕ ਦਿੱਤਾ। ਭੜਕੀ ਹੋਈ ਭੀੜ ਨੇ ਸ਼ਿਵ ਸੈਨਾ ਆਗੂ ਦੀ ਮੋਪਿਡ ਅੱਗ ਹਵਾਲੇ ਕਰ ਦਿੱਤੀ। ਕੁਝ ਲੋਕਾਂ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਵੱਲੋਂ ਕੀਤੀ ਫਾਇਰਿੰਗ ਦੌਰਾਨ ਇਕ ਹੋਰ ਪਿੰਡ ਵਾਸੀ ਦੀ ਮੋਪਿਡ ‘ਚ ਗੋਲੀ ਵੱਜਣ ਦੇ ਸਬੂਤ ਹਨ।

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਪ੍ਰਦੀਪ ਕੁਮਾਰ ਆਪਣੇ ਪਿਤਾ ਨਰੇਸ਼ ਕੁਮਾਰ ਦੀ ਦੁਕਾਨ ਉੱਤੇ ਗੁੰਨੋਪੁਰ ਅੱਡੇ ‘ਚ ਆਪਣੀ ਮੋਪਿਡ ‘ਤੇ ਬੈਠਾ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਉਸਦੀ ਪਿੰਡ ਦੇ ਕੁਝ ਨੌਜਵਾਨਾਂ ਨਾਲ ਤਕਰਾਰ ਹੋ ਗਈ। ਤੈਸ਼ ‘ਚ ਆਏ ਪ੍ਰਦੀਪ ਕੁਮਾਰ ਨੇ ਆਪਣੇ ਲਾਇਸੈਂਸੀ ਅਸਲੇ ਨਾਲ ਇਨ੍ਹਾਂ ਨੌਜਵਾਨਾਂ ‘ਤੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ ਪਰ ਖੁਸ਼ਕਿਸਮਤੀ ਨਾਲ ਇਹ ਨੌਜਵਾਨ ਬਚ ਗਏ। ਇਸ ਉਪਰੰਤ ਭੜਕੇ ਹੋਏ ਲੋਕਾਂ ਨੇ ਸ਼ਿਵ ਸੈਨਾ ਆਗੂ ਪ੍ਰਦੀਪ ਕੁਮਾਰ ਤੋਂ ਉਸ ਦੇ ਪਿਤਾ ਨਰੇਸ਼ ਕੁਮਾਰ ਨੂੰ ਉਨ੍ਹਾਂ ਦੀ ਦੁਕਾਨ ‘ਚ ਹੀ ਘੇਰ ਲਿਆ। ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਐੱਸਐੱਚਓ ਮੇਜਰ ਸਿੰਘ ਦੀ ਅਗਵਾਈ ‘ਚ ਪਹੁੰਚੀ ਪਰ ਉਦੋਂ ਤਕ ਹਾਲਾਤ ਕਾਫੀ ਵਿਗੜ ਚੁੱਕੇ ਸਨ ਜਿਸ ਕਾਰਨ ਥਾਣਾ ਭੈਣੀ ਮੀਆਂ ਖਾਨ, ਥਾਣਾ ਕਾਹਨੂੰਵਾਨ, ਥਾਣਾ ਧਾਰੀਵਾਲ ਅਤੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਤੋਂ ਇਲਾਵਾ ਐੱਸਪੀ ਡੀ ਗੁਰਦਾਸਪੁਰ ਡਾ. ਮੁਕੇਸ਼ ਕੁਮਾਰ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਡੀਐੱਸਪੀ ਨਾਗਰਾ ਵੀ ਪੁਲਿਸ ਫੋਰਸ ਸਮੇਤ ਪਿੰਡ ਗੁੰਨੋਪੁਰ ਪਹੁੰਚੇ। ਇਸ ਦੌਰਾਨ ਪੁਲਿਸ ਤੇ ਲੋਕਾਂ ਦੇ ਹਜੂਮ ‘ਚ ਧੱਕਾ-ਮੁੱਕੀ ਵੀ ਹੋਈ। ਪੁਲਿਸ ਨੇ ਬੜੀ ਮੁਸ਼ਕਲ ਨਾਲ ਪ੍ਰਦੀਪ ਅਤੇ ਉਸ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਭੈਣੀ ਮੀਆਂ ਖਾਂ ਪਹੁੰਚਾਇਆ।
ਇਸ ਸਬੰਧੀ ਜਦੋਂ ਹਲਕਾ ਡੀਐਸਪੀ ਕੁਲਵਿੰਦਰ ਸਿੰਘ ਅਤੇ ਐਸਐਚਓ ਭੈਣੀ ਮੀਆਂ ਖਾਂ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਦੀਪ ਕੁਮਾਰ ਪੁੱਤਰ ਨਰੇਸ਼ ਕੁਮਾਰ ਜਿਸ ਉਪਰ ਪਹਿਲਾਂ ਵੀ 307,306,420,25,27,54,59 ਅਤੇ ਹੋਰ ਕਈ ਤਰ੍ਹਾਂ ਦੇ ਸਨ ਸੰਗੀਨ ਧਰਾਵਾਂ ਦੇ ਮਾਮਲੇ ਵੱਖ-ਵੱਖ ਥਾਣਿਆਂ ‘ਚ ਦਰਜ ਹੋਏ ਸਨ।
