ਫਤਿਹਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਵਿਖੇ ਪਤਨੀ ਤੇ 10 ਮਹੀਨੇ ਦੀ ਮਾਸੂਮ ਬੱਚੀ ਨੂੰ ਪੈਟਰੋਲ ਪਾ ਕੇ ਸਾੜਨ ਵਾਲੇ ਪਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਥਿਤ ਦੋਸ਼ੀ ਨੂੰ ਆਂਧਰਾ ਪ੍ਰਦੇਸ਼ ਤੋਂ ਫੜਿਆ ਗਿਆ। ਚਾਰ ਸਾਲ ਪਹਿਲਾਂ ਹੋਈ ਇਸ ਲਵ ਮੈਰਿਜ ਦਾ ਖੌਫਨਾਕ ਅੰਤ ਹੋਇਆ। ਫ਼ਤਹਿਗੜ੍ਹ ਸਾਹਿਬ ਦੇ ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਜਸਵਿੰਦਰ ਸਿੰਘ ਨੇ ਕਰੀਬ ਚਾਰ ਸਾਲ ਪਹਿਲਾਂ ਮੋਨਿਕਾ ਦੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਦੋਵੇਂ ਸਰਹਿੰਦ ਦੇ ਹਿਮਾਯੂਪੁਰ ਇਲਾਕੇ ਚ ਕਿਰਾਏ ਦੇ ਮਕਾਨ ਚ ਰਹਿੰਦੇ ਸੀ। ਇਨ੍ਹਾਂ ਦੀ 10 ਮਹੀਨੇ ਦੀ ਬੱਚੀ ਨਿਸ਼ਾ ਸੀ।
ਜਸਵਿੰਦਰ ਅਕਸਰ ਸ਼ਰਾਬ ਪੀ ਕੇ ਮੋਨਿਕਾ ਨਾਲ ਝਗੜਾ ਕਰਦਾ ਰਹਿੰਦਾ ਸੀ। 8 ਅਪ੍ਰੈਲ ਨੂੰ ਸਵੇਰੇ 6 ਵਜੇ ਜਸਵਿੰਦਰ ਸਿੰਘ ਨੇ ਪੈਟਰੋਲ ਪਾ ਕੇ ਆਪਣੀ ਪਤਨੀ ਅਤੇ ਬੱਚੀ ਨੂੰ ਅੱਗ ਲਗਾ ਦਿੱਤੀ ਸੀ ਅਤੇ ਖੁਦ ਫ਼ਰਾਰ ਹੋ ਗਿਆ ਸੀ। ਪੀਜੀਆਈ ‘ਚ ਪਹਿਲਾਂ ਮੋਨਿਕਾ ਅਤੇ ਬਾਅਦ ਚ ਨਿਸ਼ਾ ਦੀ ਮੌਤ ਹੋ ਗਈ ਸੀ। ਕਥਿਤ ਦੋਸ਼ੀ ਫ਼ਰਾਰ ਸੀ ਜੋਕਿ ਆਂਧਰਾ ਪ੍ਰਦੇਸ਼ ਜਾ ਕੇ ਲੁਕ ਗਿਆ ਸੀ। ਪੁਲਿਸ ਨੇ ਕਥਿਤ ਦੋਸ਼ੀ ਨੂੰ ਉੱਥੋਂ ਕਾਬੂ ਕੀਤਾ ਜਿਸਦਾ ਰਿਮਾਂਡ ਲੈਕੇ ਹੋਰ ਪੁਛਗਿੱਛ ਕੀਤੀ ਜਾਵੇਗੀ।
