ਜਲੰਧਰ : ਥਾਣਾ ਕੈਂਟ ਦੀ ਪੁਲਸ ਨੇ ਪਿਛਲੇ ਦਿਨੀਂ ਨਿਊ ਡਿਫੈਂਸ ਕਾਲੋਨੀ ਫੇਸ ਦੋ ਪਰਾਗਪੁਰ ਵਿੱਚ ਹੋਈ ਲੁੱਟ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਇਸ ਮਾਮਲੇ ਦੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਏਅਰ ਪਿਸਟਲ ਅਤੇ ਲੁੱਟਿਆ ਹੋਇਆ ਸਾਰਾ ਸੋਨਾ ਬਰਾਮਦ ਕਰ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ 21 ਮਈ ਨੂੰ ਪੁਲੀਸ ਨੂੰ ਸੂਚਨਾ ਮਿਲੀ ਸੀ ਪਰਾਗਪੁਰ ਦੀ ਨਿਊ ਡਿਫੈਂਸ ਕਲੋਨੀ ਫੇਸ ਦੋ ਵਿਚ ਦੋ ਨੌਜਵਾਨ ਜਿਨ੍ਹਾਂ ਨੇ ਹੈਲਮਟ ਪਾਏ ਹੋਏ ਸਨ ਇੱਕ ਘਰ ਵਿੱਚ ਉਸ ਵੇਲੇ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦ ਘਰ ਵਿਚ ਇਕ ਨੌਜਵਾਨ ਮੌਜੂਦ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਂਟ ਦੀ ਮੁਖੀ ਸਬ ਇੰਸਪੈਕਟਰ ਰਾਜਵੰਤ ਕੌਰ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ। ਘਰ ਵਿੱਚ ਮੌਜੂਦ ਜਾਗਿ੍ਤੀ ਸਿੰਘ ਵਾਸੀ ਨਿਊ ਡਿਫੈਂਸ ਕਲੋਨੀ ਨੇ ਦੱਸਿਆ ਕਿ ਉਸ ਦੇ ਮਾਤਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਹੋਏ ਸਨ ਅਤੇ ਮਾਮਾ ਆਪਣੇ ਕੰਮ ਤੇ ਚਲੇ ਗਏ ਸਨ। ਸਕੂਲ ਵਿੱਚੋਂ ਛੁੱਟੀ ਹੋਣ ਕਾਰਨ ਉਹ ਘਰ ਵਿਚ ਇਕੱਲਾ ਸੀ। ਇਸ ਦੌਰਾਨ ਦੋ ਨੌਜਵਾਨ ਘਰ ਦਾ ਗੇਟ ਖੁੱਲ੍ਹਾ ਵੇਖ ਕੇ ਅੰਦਰ ਆਏ ਉਨ੍ਹਾਂ ਨੌਜਵਾਨਾਂ ਨੇ ਹੈਲਮਟ ਪਾਏ ਹੋਏ ਸਨ। ਆਉਂਦੇ ਹੀ ਉਨ੍ਹਾਂ ਨੇ ਉਸ ਦੀਆਂ ਲੱਤਾਂ ਬੰਨ੍ਹ ਦਿੱਤੀਆਂ ਅਤੇ ਅਲਮਾਰੀ ਵਿਚ ਪਏ ਸੋਨੇ ਦੇ ਗਹਿਣੇ ਜਿਨ੍ਹਾਂ ਦੀ ਕੀਮਤ ਤਕਰੀਬਨ 11-12 ਲੱਖ ਰੁਪਏ ਸੀ ਲੁੱਟ ਕੇ ਫ਼ਰਾਰ ਹੋ ਗਏ। ਪੁਲੀਸ ਨੇ ਜਾਗ੍ਰਿਤੀ ਦੇ ਬਿਆਨਾਂ ਤੇ ਧਾਰਾ 382/452 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਇਸਦੀ ਜਾਂਚ ਸ਼ੁਰੂ ਕੀਤੀ।
