ਪਟਿਆਲਾ : ਝੋਨੇ ਦੀ ਬਿਜਾਈ ਦੇ ਸੀਜ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਬਿਜਲੀ ਦੀ ਮੰਗ ਵਿਚ 20 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅੱਜ ਬਿਜਲੀ ਦੀ ਮੰਗ 10,500 ਮੈਗਾਵਾਟ ਦਰਜ ਕੀਤੀ ਗਈ, ਜੋਕਿ ਪਿਛਲੇ ਸਾਲ ਅੱਜ ਦੇ ਹੀ ਦਿਨ 8800 ਮੈਗਾਵਾਟ ਸੀ। ਭਲਕੇ ਤੋਂ ਪਾਵਰਕਾਮ ਕੋਲ ਬੈਕਿੰਗ ਰਾਹੀਂ 1720 ਮੈਗਾਵਾਟ ਦੀ ਉਪਲਬੱਧਤਾ ਰਹੇਗੀ। ਵੀਰਵਾਰ ਨੂੰ ਇੰਡੀਅਨ ਐਨਰਜੀ ਐਕਸਚੇਂਜ ਰਾਹੀਂ 19 ਲੱਖ ਯੂਨਿਟ ਬਿਜਲੀ ਦੀ ਖਰੀਦ 7.27 ਪ੍ਰਤੀ ਯੂਨਿਟ ਦੀ ਕੁਲ 13.80 ਕਰੋਡ਼ ਦੀ ਬਿਜਲੀ ਦੀ ਕੀਤੀ ਖਰੀਦ ਕੀਤੀ ਗਈ ਹੈ। ਇਸ ਦੇ ਬਾਵਜੂਦ ਦੁਪਹਿਰ ਸਮੇਂ ਪੰਜਾਬ ਦੇ 51 ਫੀਡਰਾਂ ਤੋਂ ਬਿਜਲੀ ਪ੍ਰਭਾਵਿਤ ਰਹੀ ਹੈ। ਸਰਕਾਰੀ ਪਲਾਂਟ ਦੀ ਸਮਰੱਥਾ 1760 ਤੇ ਨਿੱਜੀ ਪਲਾਂਟ ਦੀ ਸਮਰੱਥਾ 3920 ਕੁਲ 5680 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਹੈ ਪਰ ਇਨ੍ਹਾਂ ਦੇ ਕੁਝ ਯੂਨਿਟ ਬੰਦ ਹੋਣ ਕਰ ਕੇ 1350 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਸਿਰਫ 4,330 ਮੈਗਾਵਾਟ ਬਿਜਲੀ ਮਿਲ ਰਹੀ ਹੈ। ਫਿਲਹਾਲ ਕੋਲੇ ਦੀ ਸਥਿਤੀ ਵਿਚ ਸੁਧਾਰ ਨਹੀਂ ਹੋ ਸਕਿਆ ਹੈ। ਰੋਪਡ਼ ਤੇ ਲਹਿਰਾ ਮੁਹੱਬਤ ਪਲਾਂਟ ਕੋਲ 15-15 ਦਿਨ, ਤਲਵੰਡੀ ਸਾਬੋ ਕੋਲ ਛੇ ਦਿਨ, ਗੋਇੰਦਵਾਲ ਪਲਾਂਟ ਕੋਲ 2.5 ਦਿਨ ਤੇ ਰਾਜਪੁਰਾ ਪਲਾਂਟ ਕੋਲ 23 ਦਿਨ ਦਾ ਕੋਲਾ ਮੌਜੂਦ ਹੈ।
ਪੀਐੱਸਪੀਸੀਐੱਲ ਵੱਲੋਂ ਭਲਕੇ 10 ਜੂਨ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਹੱਦ ਨਾਲ ਲੱਗਦੇ ਕੰਡਿਆਲੀ ਤਾਰ ਤੋਂ ਪਾਰ ਵਾਲੇ ਖੇਤਰਾਂ ਵਿਚ 10 ਜੂਨ ਤੋਂ ਬਿਜਾਈ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ 10 ਜ਼ਿਲ੍ਹਿਆਂ ਹੁਸ਼ਿਆਰਪੁਰ, ਜਲੰਧਰ, ਐੱਸਬੀਐੱਸਨਗਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਐੱਸਏਐੱਸ ਨਗਰ ਅਤੇ ਬਾਕੀ ਰਹਿੰਦੇ 13 ਜ਼ਿਲ੍ਹਿਆਂ ਬਠਿੰਡਾ, ਬਰਨਾਲਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਲੁਧਿਆਣਾ, ਫਤਿਹਗਡ਼੍ਹ ਸਾਹਿਬ, ਫਿਰੋਜ਼ਪੁਰ, ਮਾਨਸਾ, ਮੋਗਾ, ਫਾਜ਼ਿਲਕਾ ਵਿਚ 17 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਜਾਵੇਗੀ। 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ਵਿਚ ਵੀ ਵਾਧਾ ਹੋਵੇਗਾ ਤੇ ਜਿਸ ਨੂੰ ਪੂਰਾ ਕਰਨਾ ਪੀਐੱਸਪੀਸੀਐੱਲ ਲਈ ਵੱਡੀ ਚੁਣੌਤੀ ਹੈ।
ਥਰਮਲ ਤੇ ਬਿਜਲੀ ਉਪਲੱਬਧਤਾ
ਨਿੱਜੀ ਥਰਮਲਾਂ ਵਿਚ 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਪਲਾਂਟ ਦਾ ਇਕ ਯੂਨਿਟ ਬੰਦ ਹੋਣ ਕਰ ਕੇ 270 ਮੈਗਾਵਾਟ ਬਿਜਲੀ ਉਤਪਾਦਨ ਨਹੀਂ ਹੋ ਰਿਹਾ ਹੈ। 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਬੰਦ ਹੋਣ ਕਰ ਕੇ 660 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੈ ਤੇ ਦੋ ਯੂਨਿਟਾਂ ਤੋਂ 1320 ਮੈਗਾਵਾਟ ਬਿਜਲੀ ਮਿਲ ਰਹੀ ਹੈ। 1400 ਮੈਗਾਵਾਟ ਸਮਰੱਥਾ ਵਾਲੇ ਰਾਜਪੁਰਾ ਸਥਿਤ ਐੱਨਪੀਐੱਲ ਪਲਾਂਟ ਤੋਂ ਪੂਰਾ ਬਿਜਲੀ ਉਤਪਾਦਨ ਹੋ ਰਿਹਾ ਹੈ। ਸਰਕਾਰੀ ਥਰਮਲਾਂ ਵਿਚ 920 ਮੈਗਾਵਾਟ ਬਿਜਲੀ ਸਮਰੱਥਾ ਵਾਲੇ ਲਹਿਰਾ ਮੁਹੱਬਤ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਕਰ ਕੇ 210 ਮੈਗਾਵਾਟ ਬਿਜਲੀ ਉਤਪਾਦਨ ਨਹੀਂ ਹੋਇਆ। 840 ਮੈਗਾਵਾਟ ਸਮਰੱਥਾ ਵਾਲੇ ਰੋਪਡ਼ ਪਲਾਂਟ ਦਾ 210 ਮੈਗਾਵਾਟ ਵਾਲਾ ਇਕ ਯੂਨਿਟ ਬੰਦ ਹੈ।
ਇਥੇ ਲੱਗੇ ਇਕ ਤੋਂ 12 ਘੰਟੇ ਤਕ ਦੇ ਕੱਟ
ਪੀਐੱਸਪੀਸੀਐੱਲ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਇਕ ਤੋਂ 12 ਘੰਟੇ ਤਕ ਬਿਜਲੀ ਬੰਦ ਰਹੀ ਹੈ। ਫਾਜ਼ਿਲਕਾਂ ਦੇ ਕਈ ਇਲਾਕਿਆਂ ਵਿਚ ਸਵੇਰੇ ਸੱਤ ਵਜੇ ਤੋਂ ਰਾਤ ਸੱਤ ਵਜੇ ਤਕ ਬਿਜਲੀ ਬੰਦ ਰਹੀ ਹੈ। ਪੀਐੱਸਪੀਸੀਐੱਲ ਨੇ ਮੌਡ਼ ਦੇ ਇਲਾਕਿਆਂ ਵਿਚ ਸੱਤ ਘੰਟੇ, ਮੁਕਤਸਰ ’ਚ ਤਿੰਨ ਘੰਟੇ, ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚ ਇਕ ਤੋਂ ਅੱਠ ਘੰਟੇ, ਬਚਾਲਚੋਰ ’ਚ ਨੌਂ ਘੰਟੇ, ਫਗਵਾਡ਼ਾ ’ਚ ਚਾਰ ਤੋਂ ਨੌਂ ਘੰਟੇ, ਫਿਰੋਜ਼ਪੁਰ ਤੇ ਆਸ ਪਾਸ ਚਾਰ ਤੋਂ ਸੱਤ ਘੰਟੇ ਬਿਜਲੀ ਕੱਟ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਪੀਐੱਸਪੀਸੀਐੱਲ ਪੂਰੀ ਤਰ੍ਹਾਂ ਤਿਆਰ : ਬਲਦੇਵ ਸਿੰਘ
ਪੀਐੱਸਪੀਸੀਐੱਲ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਕਰੀਬ ਤਿੰਨ ਹਜ਼ਾਰ ਮੈਗਾਵਾਟ ਬਿਜਲੀ ਬੈਕਿੰਗ ਰਾਹੀਂ ਮਿਲਣ ਸਮੇਤ ਹੋਰ ਸਾਰੇ ਪ੍ਰਬੰਧ ਪੂਰੇ ਕੀਤੇ ਜਾ ਚੁੱਕੇ ਹਨ। ਇੰਜ. ਸਰਾਂ ਨੇ ਕਿਹਾ ਕਿ ਖਪਤਕਾਰਾਂ ਨੂੰ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਪੀਐੱਸਪੀਸੀਐੱਲ ਦੇ ਅਧਿਕਾਰੀ ਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੇ ਹਨ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਬਿਨਾਂ ਲੋਡ਼ ਤੋਂ ਬਿਜਲੀ ਦੀ ਵਰਤੋਂ ਨਾ ਕਰ ਕੇ ਇਸ ਨੂੰ ਬਚਾਉਣ ਲਈ ਸਹਿਯੋਗ ਕਰਨ।
