ਬਠਿੰਡਾ : ਸਿੱਧੂ ਮੂਸੇਵਾਲਾ ਦੇ ਕਤਲ ਵਿਚ ਹਿਰਾਸਤ ਵਿਚ ਲਏ ਗਏ ਮੁਲਜ਼ਮਾਂ ਨੇ ਇਹ ਗੱਲ ਕਬੂਲੀ ਹੈ ਕਿ ਉਹ 25 ਮਈ ਤੋਂ ਗਾਇਕ ਦਾ ਪਿੱਛਾ ਕਰ ਰਹੇ ਸਨ। ਜਦਕਿ 4 ਦਿਨਾਂ ਬਾਅਦ 29 ਮਈ ਨੂੰ ਸਾਹਮਣਾ ਹੋਇਆ ਤੇ ਉਸੇ ਦਿਨ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੁਲਿਸ ਵੱਲੋਂ ਕੀਤੀ ਪੁੱਛਗਿੱਛ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਸਾਰੇ ਜਣੇ ਉਡੀਕ ਕਰ ਕਰ ਕੇ ਅੱਕ ਚੁੱਕੇ ਸਨ। ਜੇ ਸਿੱਧੂ ਦੋ ਤਿੰਨ ਦਿਨਾਂ ਤਕ ਨਾ ਮਿਲਦਾ ਤਾਂ ਉਸ ਦੇ ਘਰ ਜਾ ਕੇ ਹਮਲਾ ਕਰਨ ਦੀ ਸਾਜ਼ਿਸ਼ ਰਚੀ ਹੋਈ ਸੀ। ਜਦੋਂ ਮੂਸੇਵਾਲਾ ਪਿੰਡ ਜਵਾਹਰਕੇ ਵਿਚ ਮਿਲ ਗਿਆ ਤੇ ਸਾਰਿਆਂ ਨੇ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਮਾਨਸਾ ਪੁਲਿਸ ਸੁੱਤੀ ਰਹੀ
ਮੁਲਜ਼ਮਾਂ ਨੇ ਪੁੱਛਗਿੱਛ ਵਿਚ ਜੋ ਕੁਝ ਕਬੂਲ ਕੀਤਾ ਹੈ, ਉਹ ਮਾਨਸਾ ਪੁਲਿਸ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ ਕਿਉਂਕਿ ਸਾਕਾ ਨੀਲਾ ਤਾਰਾ ਕਰ ਕੇ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਕਰਨ ਦੇ ਹੁਕਮ ਸਨ। ਦੂਜੇ ਪਾਸੇ ਮੁਲਜ਼ਮ ਅਸਲ੍ਹੇ ਦੇ ਨਾਲ ਮਾਨਸਾ ਸ਼ਹਿਰ ਵਿਚ ਘੁੰਮਦੇ ਰਹੇ ਤੇ ਪੁਲਿਸ ਨੂੰ ਇਸ ਮਾਮਲੇ ਦੀ ਭਿਣਕ ਤਕ ਨਹੀਂ ਪਈ। ਇਸ ਘਟਨਾ ਨੇ ਮਾਨਸਾ ਪੁਲਿਸ ਦੇ ਖ਼ੁਫ਼ੀਆ ਤੰਤਰ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਦਰਜਨ ਭਰ ਮੁਲਜ਼ਮ 5 ਦਿਨ ਜ਼ਿਲ੍ਹੇ ਵਿਚ ਅਸਲ੍ਹੇ ਸਣੇ ਤੁਰੇ ਫਿਰਦੇ ਰਹੇ ਤੇ ਮਾਨਸਾ ਪੁਲਿਸ ਸੁੱਤੀ ਰਹੀ। ਕਾਂਗਰਸ ਆਗੂ ਚੁਸਪਿੰਦਰਬੀਰ ਸਿੰਘ ਨੇ ਐੱਸਐੱਸਪੀ ਦੀ ਬਦਲੀ ਕਰਨ ਦੀ ਮੰਗ ਕੀਤੀ ਹੈ।
