ਹਰੀਕੇ ਪੱਤਣ : ਸਾਫ-ਸੁਥਰਾ ਪ੍ਰਸ਼ਾਸਨ ਦੇਣ ਦੇ ਵਾਅਦੇ ਨਾਲ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦੇ ਰਾਜ ‘ਚ ‘ਆਪ’ ਆਗੂ ਹੀ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਮਾਮਲਾ ਹਰੀਕੇ ਪੱਤਣ ਦਾ ਹੈ ਜਿੱਥੇ ਤੜਕਸਾਰ ‘ਆਪ’ ਆਗੂ ਨੇ PRTC ਦੀ ਬੱਸ ਅੱਗੇ ਬੈਰੀਕੇਡ ਸੁੱਟ ਕੇ ਸਰਕਾਰੀ ਡਿਊਟੀ ‘ਚ ਵਿਘਨ ਪਾਇਆ। ਫਰੀਦਕੋਟ ਤੋਂ ਜੰਮੂ ਕੱਟੜਾ ਜਾਣ ਵਾਲੀ ਬੱਸ ਦੇ ਚਾਲਕ ਗੁਰਜੀਤ ਸਿੰਘ ਕੰਡਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਹਰੀਕੇ ਤੋਂ ਸਵਾਰੀਆਂ ਲੈ ਕੇ ਚੱਲਣ ਲੱਗੇ ਤਾਂ ਆਮ ਆਦਮੀ ਪਾਰਟੀ ਆਗੂ ਮੋਹਰ ਸਿੰਘ ਨੇ ਬੈਰੀਕੇਡ ਸੁੱਟ ਕੇ ਬੱਸ ਰੋਕ ਦਿੱਤੀ। ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਤੁਸੀਂ ਮਨਮਰਜ਼ੀ ਨਾਲ ਸਵਾਰੀਆਂ ਚੜ੍ਹਾਉਂਦੇ ਹੋ। ਇਸ ਤੋਂ ਰੋਡਵੇਜ਼ ਕਾਮਿਆਂ ਨੇ ਬੱਸਾਂ ਰੋਕ ਕੇ ਆਵਾਜਾਈ ਠੱਪ ਕਰ ਦਿੱਤੀ। ਮੌਕੇ ‘ਤੇ ਪਹੁੰਚੀ ਥਾਣਾ ਹਰੀਕੇ ਦੀ ਪੁਲਿਸ ਨੂੰ ਪੜਤਾਲ ਰਿਪੋਰਟ ਦਿਖਾਉਂਦਿਆਂ ਕੰਡਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਬੱਸ ‘ਚ ਪਹਿਲਾਂ ਹੀ 105 ਸਵਾਰੀਆਂ ਹਨ। ਉਨ੍ਹਾਂ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਤੇ ਗਾਲੀ-ਗਲੋਚ ਕਰਨ ਨੂੰ ਲੈ ਕੇ ਇਨਸਾਫ ਦੀ ਮੰਗ ਕਰਦਿਆਂ ਦਰਖ਼ਾਸਤ ਦਿੱਤੀ। ਉਧਰ ‘ਆਪ’ ਆਗੂ ਮੋਹਰ ਸਿੰਘ ਨੇ ਕਿਹਾ ਕਿ ਮੈ ਲੋਕਾਂ ਦੀ ਤ੍ਰਾਸਦੀ ਵੇਖ ਕੇ ਬੱਸ ਰੋਕੀ ਸੀ। ਉਨ੍ਹਾਂ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਤੋਂ ਇਨਕਾਰ ਕਰ ਦਿੱਤਾ।
