BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਜਨਰਲ ਚੰਦਾ ਸਿੰਘ ਸੁਰ ਸਿੰਘ ਪਿੰਡ ਦਾ ਉਹ ਪੋਲੋ ਖਿਡਾਰੀ ਹੈ, ਜੋ ਅੱਜ ਤੋਂ ਇਕ ਸਦੀ ਦੋ ਦਹਾਕੇ ਪਹਿਲਾਂ ਆਲਮੀ ਜੇਤੂ ਬਣਿਆ। ਉਸ ਦਾ ਦਾਦਾ ਬਹਾਦਰ ਸਿੰਘ ਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਫ਼ੌਜ ਲਈ ਚੰਗੀ ਨਸਲ ਦੇ ਘੋੜਿਆਂ ਦੀ ਸਪਲਾਈ ਕਰਦਾ ਸੀ। ਚੰਦਾ ਸਿੰਘ ਦੇ ਦੋ ਸਾਥੀਆਂ ਗੁਰਦਿੱਤ ਸਿੰਘ ਢੋਟੀਆਂ ਅਤੇ ਬਿਸ਼ਨ ਸਿੰਘ ਮਜੀਠਾ ਵਾਲਿਆਂ ਨੇ ਉਸ ਨੂੰ ਪੋਲੋ ਖੇਡਣ ਲਈ ਬਹੁਤ ਉਤਸ਼ਾਹਿਤ ਕੀਤਾ। ਉਹ ਸਹਿਜੇ ਹੀ ਪੋਲੋ ’ਚ ਪ੍ਰਬੀਨ ਹੋ ਗਿਆ। ਮਹਾਰਾਜਾ ਰਜਿੰਦਰਾ ਸਿੰਘ ਪਟਿਆਲਾ ਨੇ 1891 ’ਚ ਆਪਣੀ ਪਟਿਆਲਾ ਰਿਆਸਤ ’ਚ ਪੋਲੋ ਸ਼ੁਰੂ ਕੀਤੀ। ਉਹ ਚੰਗੀ ਟੀਮ ਤਿਆਰ ਕਰਨ ਲਈ ਪੋਲੋ ਖਿਡਾਰੀਆਂ ਦੀ ਭਾਲ ’ਚ ਸੀ। ਉਸ ਨੇ ਦੋ ਮਹੱਤਵਪੂਰਨ ਪੋਲੋ ਖਿਡਾਰੀਆਂ ਹੀਰਾ ਸਿੰਘ ਤੇ ਚੰਦਾ ਸਿੰਘ ਨੂੰ ਇੰਡੀਅਨ ਕਵੈਲਰੀ ’ਚੋਂ ਚੁਣ ਲਿਆ। ਇਹ ਦੋਵੇਂ ਖਿਡਾਰੀ ਬਾਅਦ ਵਿਚ ਜਨਰਲ ਬਣੇ। ਮਹਾਰਾਜਾ ਰਜਿੰਦਰਾ ਸਿੰਘ ਨੇ ਇਸ ਟੀਮ ਨੂੰ ‘ਪਟਿਆਲਾ ਪੋਲੋ ਟੀਮ’ ਦਾ ਨਾਂ ਦਿੱਤਾ। ਚੰਦਾ ਸਿੰਘ ਦੀ ਕਪਤਾਨੀ ਹੇਠ ਪਟਿਆਲਾ ਦੀ ਪੋਲੋ ਟੀਮ ਨੇ ਲਗਾਤਾਰ ਤਿੰਨ ਸਾਲ 1896, 1897, 1898 ’ਚ ਬਰੇਸ ਫੋਰਡ ਪੋਲੋ ਕੱਪ ਜਿੱਤਿਆ। 1898 ’ਚ ਹੀ ਅੰਬਾਲਾ ਵਿਖੇ ਜੋਧਪੁਰ ਸਟੇਟ ਦੀ ਸ਼ਕਤੀਸ਼ਾਲੀ ਟੀਮ ਨੂੰ ਬੁਰੀ ਤਰ੍ਹਾਂ ਹਰਾਇਆ।
ਭਾਰਤ ’ਚ ਮੁਸਲਮਾਨ ਹਮਲਾਵਰ ਲਿਆਏ ਪੋਲੋ
ਭਾਰਤ ’ਚ ਪੋਲੋ 13ਵੀਂ ਸਦੀ ’ਚ ਮੁਸਲਮਾਨ ਹਮਲਾਵਰਾਂ ਨਾਲ ਆਈ। ਇੱਥੋਂ ਇਹ 1860 ’ਚ ਇੰਗਲੈਂਡ ਪਹੁੰਚੀ। ਅੱਜ ਖੇਡੀ ਜਾਣ ਵਾਲੀ ਪੋਲੋ ਨੂੰ ਅੰਗਰੇਜ਼ਾਂ ਨੇ ਲੋਕਪਿ੍ਰਯ ਬਣਾਇਆ, ਜਿਸ ਨੂੰ ਉਨ੍ਹਾਂ ਨੇ ਭਾਰਤੀ ਰਾਜ ਮਣੀਪੁਰ ਤੋਂ ਲਿਆ ਸੀ। ਮਣੀਪੁਰ ’ਚ ਇਹ ਖੇਡ ਸਾਗੋਲ-ਕਾਂਗਜੇਈ ਦੇ ਨਾਂ ਨਾਲ ਖੇਡੀ ਜਾਂਦੀ ਸੀ। ਮਣੀਪੁਰ ਦੀ ਰਵਾਇਤੀ ਪੋਲੋ 7 ਖਿਡਾਰੀਆਂ ਦੀਆਂ 2 ਟੀਮਾਂ ’ਚ ਖੇਡੀ ਜਾਂਦੀ ਹੈ, ਜਿਸ ਨੂੰ ਮਣੀਪੁਰ ’ਚ ਮਿਲਣ ਵਾਲੇ ਖੱਚਰਾਂ ’ਤੇ ਬੈਠ ਕੇ ਖੇਡਿਆ ਜਾਂਦਾ ਹੈ। ਇਹ ਖੱਚਰ ਕੱਦ ’ਚ ਕਾਫੀ ਛੋਟੇ ਹੁੰਦੇ ਹਨ। ਦੁਨੀਆ ਦਾ ਸਭ ਤੋਂ ਪੁਰਾਣਾ ਪੋਲੋ ਗਰਾਊਡ ‘ਇੰਫਾਲ’ ਪੋਲੋ ਗਰਾਊਂਡ ਮਣੀਪੁਰ ’ਚ ਸਥਿਤ ਹੈ।
ਅੱਜ ਇਹ ਖੇਡ ਸਿਰਫ਼ ਭਾਰਤ ’ਚ ਹੀ ਨਹੀਂ ਸਗੋਂ ਅਰਜਨਟੀਨਾ, ਇੰਗਲੈਂਡ, ਅਮਰੀਕਾ ਅਤੇ ਦੁਨੀਆ ਦੇ ਲਗਭਗ 77 ਹੋਰ ਦੇਸ਼ਾਂ ’ਚ ਵੀ ਖੇਡੀ ਜਾਂਦੀ ਹੈ। ਆਧੁਨਿਕ ਸਮੇਂ ਦਾ ਸਭ ਤੋਂ ਪਹਿਲਾ ਪੋਲੋ ਕਲੱਬ ਆਸਾਮ ’ਚ ਬਣਾਇਆ ਗਿਆ ‘ਕਾਚਰ’ ਕਲੱਬ ਸੀ। ਉੱਤਰ ਭਾਰਤ ਦੇ ਪਹਿਲੇ ਮੁਸਲਮਾਨ ਸ਼ਾਸਕ ਸੁਲਤਾਨ ਕੁਤਬਦੀਨ ਐਬਕ ਦੀ ਮੌਤ ਪੋਲੋ ਖੇਡਦਿਆਂ ਘੋੜੇ ਤੋਂ ਡਿੱਗਣ ਕਾਰਨ ਹੋਈ ਸੀ।
ਦੁਨੀਆ ਦੀ ਸਭ ਤੋਂ ਪੁਰਾਣੀ ਖੇਡ ਹੈ ਪੋਲੋ
ਜੋ ਪੋਲੋ ਖੇਡ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਖੇਡ ਮੰਨਿਆ ਜਾਂਦਾ ਹੈ। ਪਹਿਲੀ ਸਦੀ ਦੌਰਾਨ ਇਸ ਨੂੰ ਫ਼ਾਰਸ (ਅੱਜ ਦੇ ਈਰਾਨ) ’ਚ ਖੇਡਿਆ ਜਾਂਦਾ ਸੀ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਫ਼ਾਰਸ ਵਾਸੀਆਂ ਨੇ ਇਸ ਖੇਡ ਦੀ ਖੋਜ ਇਕ ਸਦੀ ਇਕ ਦਹਾਕਾ ਦੇ ਨੇੜੇ-ਤੇੜੇ ਕੀਤੀ ਸੀ ਜਦਕਿ ਈਰਾਨ ਨੂੰ ਇਸ ਖੇਡ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਈਰਾਨ ਤੋਂ ਹੀ ਇਹ ਖੇਡ ਅਰਬ ਅਤੇ ਉਸ ਪਿੱਛੋਂ ਤਿੱਬਤ ਪਹੁੰਚੀ। ਤਿੱਬਤ ’ਚ ਇਸ ਨੂੰ ਪੁਲੂ ਕਿਹਾ ਜਾਂਦਾ ਸੀ। ਅਸਲ ’ਚ ਪੋਲੋ ਸ਼ਬਦ ਇਸੇ ਪੁਲੂ ਤੋਂ ਬਣਿਆ ਹੈ, ਜਿਸ ਦਾ ਅਰਥ ਗੇਂਦ ਹੁੰਦਾ ਹੈ। ਸ਼ੁਰੂਆਤ ’ਚ ਇਹ ਫ਼ੌਜ ਦੇ ਘੋੜਸਵਾਰਾਂ ਨੂੰ ਸਿਖਲਾਈ ਦੇਣ ਲਈ ਖੇਡੀ ਜਾਂਦੀ ਸੀ, ਜਿਸ ਨੂੰ ਰਾਜੇ ਦੇ ਅੰਗਰੱਖਿਅਕ ਜਾਂ ਹੋਰ ਖ਼ਾਸ ਸਿਪਾਹੀ ਹੀ ਖੇਡਦੇ ਸਨ। ਕੁਝ ਕਬੀਲਿਆਂ ਦੇ ਲੋਕ ਇਸ ਨੂੰ 100 ਵਿਅਕਤੀਆਂ ਦੀ ਟੀਮ ਦੇ ਰੂਪ ’ਚ ਵੀ ਖੇਡਦੇ ਸਨ, ਜੋ ਕਿਸੇ ਛੋਟੀ ਲੜਾਈ ਵਾਂਗ ਬਣ ਜਾਂਦੀ ਸੀ। ਉਸ ਵੇਲੇ ਔਰਤਾਂ ਵੀ ਇਹ ਖੇਡ ਖੇਡਦੀਆਂ ਸਨ।
ਮੰਨੀ ਜਾਂਦੀ ਹੈ ਮਹਿੰਗੀ ਖੇਡ
ਪੋਲੋ ਖੇਡ ਨੂੰ ਘੋੜੇ ’ਤੇ ਬੈਠ ਕੇ ਇਕ ਸੋਟੀ ਅਤੇ ਗੇਂਦ ਨਾਲ ਖੇਡਿਆ ਜਾਂਦਾ ਹੈ। ਪੋਲੋ ਖੇਡਣ ਵਾਲੀ ਸੋਟੀ ਨੂੰ ਮੈਲੇਟ ਕਿਹਾ ਜਾਂਦਾ ਹੈ। ਇਹ ਇਕ ਆਊਟਡੋਰ (ਮੈਦਾਨ ’ਚ ਖੇਡੀ ਜਾਣ ਵਾਲੀ) ਖੇਡ ਹੈ। ਇਸ ਦੇ ਮੈਦਾਨ ਦੀ ਲੰਬਾਈ 274.32 ਮੀਟਰ ਅਤੇ ਚੌੜਾਈ 146.3 ਮੀਟਰ ਹੁੰਦੀ ਹੈ। ਦੋਵਾਂ ਸਿਰਿਆਂ ’ਤੇ 7.3 ਮੀਟਰ ਚੌੜੇ ਗੋਲ ਬਣੇ ਹੁੰਦੇ ਹਨ। ਗੋਲ ਕਰਨ ਲਈ ਗੇਂਦ ਨੂੰ ਇਨ੍ਹਾਂ ਗੋਲਿਆਂ ’ਚ ਪਾਉਣਾ ਪੈਂਦਾ ਹੈ।
ਇਸ ਖੇਡ ਨੂੰ ਦੋ ਟੀਮਾਂ ਖੇਡਦੀਆਂ ਹਨ। ਦੋਵੇਂ ਟੀਮਾਂ ’ਚ ਚਾਰ-ਚਾਰ ਖਿਡਾਰੀ ਸ਼ਾਮਲ ਹੁੰਦੇ ਹਨ। ਇਸ ਖੇਡ ’ਚ ਨਿਪੁੰਨ ਹੋਣ ਲਈ ਖਿਡਾਰੀ ਲਈ ਮਾਹਿਰ ਘੋੜਸਵਾਰ ਹੋਣਾ ਜ਼ਰੂਰੀ ਹੈੈ। ਪੋਲੋ ਦੀ ਖੇਡ ਨੂੰ 6,7 ਜਾਂ 8 ਰਾਊਂਡ ’ਚ ਖੇਡਿਆ ਜਾਂਦਾ ਹੈ, ਜਿਨ੍ਹਾਂ ਨੂੰ ‘ਚਕਰਸ’ ਕਿਹਾ ਜਾਂਦਾ ਹੈ। ਹਰ ਚਕਰ ਦੀ ਮਿਆਦ ਸਾਢੇ ਸੱਤ ਮਿੰਟ ਦੀ ਹੁੰਦੀ ਹੈ। ਹਰ ਚਕਰ ਪਿੱਛੋਂ ਬ੍ਰੇਕ ਦਿੱਤੀ ਜਾਂਦੀ ਹੈ। ਪੋਲੋ ਇਕ ਮਹਿੰਗੀ ਖੇਡ ਹੈ, ਇਸੇ ਕਾਰਨ ਹਰ ਕੋਈ ਇਸ ਨੂੰ ਨਹੀਂ ਖੇਡ ਸਕਦਾ। ਸ਼ਾਇਦ ਇਸੇ ਕਾਰਨ ਇਸ ਨੂੰ ਰਾਜਕੁਮਾਰਾਂ ਦੀ ਖੇਡ ਕਹਿ ਕੇ ਵੀ ਬੁਲਾਇਆ ਜਾਂਦਾ ਹੈ। ਐਲੀਫੈਂਟ ਪੋਲੋ ਭਾਵ ਹਾਥੀਆਂ ’ਤੇ ਪੋਲੋ ਦੀ ਖੇਡ ਦੀ ਖੇਡ ਸਭ ਤੋਂ ਪਹਿਲਾਂ 1976 ’ਚ ਜੈਪੁਰ ’ਚ ਖੇਡੀ ਗਈ, ਜਿਸ ਨੂੰ 40 ਹਜ਼ਾਰ ਦਰਸ਼ਕਾਂ ਨੇ ਦੇਖਿਆ। 1978 ’ਚ ਇਸ ਸਥਾਨ ’ਤੇ ਕੈਮਲ ਪੋਲੋ (ਊਠ ’ਤੇ ਪੋਲੋ) ਦੀ ਖੇਡ ਖੇਡੀ ਗਈ।
ਪਿਛਲੇ ਕੁਝ ਦਿਨਾਂ ਤੋਂ ਤਾਂ ਲੋਕ ਸਾਈਕਲ ਪੋਲੋ ਵੀ ਖੇਡਣ ਲੱਗੇ ਹਨ। ਦੁਨੀਆ ਦੀ ਸਭ ਤੋਂ ਵੱਡੀ ਪੋਲੋ ਵੀ ਖੇਡਣ ਲੱਗੇ ਹਨ। ਦੁਨੀਆ ਦੀ ਸਭ ਤੋਂ ਵੱਡੀ ਪੋਲੋ ਟਰਾਫੀ ਬੰਗਲੌਰ ਲਿਮਟਿਡ ਹੈਂਡੀਕੈਪ ਪੋਲੋ ਟੂਰਨਾਮੈਂਟ ਟਰਾਫੀ ਹੈ, ਜੋ 6 ਫੁੱਟ ਉੱਚ ਹੈ। ਓਲੰਪਿਕ ’ਚ ਇਹ ਖੇਡ ਸਾਲ 1900 ਤੋਂ 1939 ਤੱਕ ਸ਼ਾਮਲ ਰਹੀ। 1998 ’ਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਇਸ ਨੂੰ ਫੈਡਰੇਸ਼ਨ ਆਫ ਇੰਟਰਨੈਸ਼ਨਲ ਪੋਲੋ ਨਾਮੀ ਅੰਤਰਰਾਸ਼ਟਰੀ ਗਵਰਨਿੰਗ ਬਾਡੀ ਤਹਿਤ ਮਾਨਤਾ ਦਿੱਤੀ। ਵਰਲਡ ਪੋਲੋ ਚੈਂਪੀਅਨਸ਼ਿਪ ਤਿੰਨ ਸਾਲਾਂ ’ਚ ਇਕ ਵਾਰ ਕਰਵਾਈ ਜਾਂਦੀ ਹੈ।
ਮੈਂ ਤਾਂ ਪੋਲੋ ਦਾ ਇਤਿਹਾਸ ਹੀ ਛੇੜ ਬੈਠਾ ਹਾਂ। ਅਸਲ ’ਚ ਗੱਲ ਤਾਂ ਮੈਂ ਚੰਦਾ ਸਿੰਘ ਦੀ ਕਰ ਰਿਹਾ ਸਾਂ । ਡਾ: ਅਮਰਜੀਤ ਕੌਰ ਇਬਨ ਨੇ ਇਤਿਹਾਸਕ ਪਿੰਡ ਸੁਰ ਸਿੰਘ ਨਾਮੀ ਪੁਸਤਕ ’ਚ ਜਨਰਲ ਚੰਦਾ ਸਿੰਘ ਬਾਰੇ ਜ਼ਿਕਰ ਕੀਤਾ ਹੈ ਕਿ ਉਸ ਦੀ ਮਸ਼ਹੂਰੀ ਵਿਦੇਸ਼ਾਂ ਤੱਕ ਹੋ ਚੁੱਕੀ ਸੀ। ਫਰਾਂਸ ਦੇ ਕਾਮਟੇ ਜੀਨ ਡੀ ਮਾਟਰੋ ਨੂੰ ਪੋਲੋ ਦਾ ਬਹੁਤ ਸ਼ੌਂਕ ਸੀ। ਉਹ ਫਰਾਂਸ ਤੋਂ ਉਚੇਚੇ ਤੌਰ ’ਤੇ ਚੰਦਾ ਸਿੰਘ ਦੀ ਖੇਡ ਦੇਖਣ ਲਈ ਪਟਿਆਲੇ ਆਇਆ। ਉਹ ਚੰਦਾ ਸਿੰਘ ਦੀ ਖੇਡ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਮਹਾਰਾਜਾ ਪਟਿਆਲਾ ਨੂੰ ਬੇਨਤੀ ਕੀਤੀ ਕਿ ਚੰਦਾ ਸਿੰਘ ਨੂੰ ਫਰਾਂਸ ਦੀ ਟੀਮ ਵੱਲੋਂ ਖੇਡਣ ਦੀ ਇਜਾਜ਼ਤ ਦੇਣ। ਮਹਾਰਾਜਾ ਨੇ ਕਾਮਟੇ ਜੀਨ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਫਰਾਂਸ ਵਿਚ ਕਰਨਲ ਚੰਦਾ ਸਿੰਘ ‘ਟਾਈਗਰ’ ਕਲੱਬ ਵੱਲੋਂ ਖੇਡਿਆ ਅਤੇ ਉਸ ਨੇ ਇੰਗਲੈਂਡ, ਆਇਰਲੈਂਡ, ਡਬਲਿਨ ਵਿਖੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ।
ਉਨ੍ਹਾਂ ਦਿਨਾਂ ’ਚ ਸਪੇਨ ਦਾ ਬਾਦਸ਼ਾਹ ਆਲਫ਼ਾਨਜ਼ੋ ਵੀ ਪੋਲੋ ਦਾ ਵਧੀਆ ਖਿਡਾਰੀ ਸੀ। ਉਸ ਨੇ ਜਦੋਂ ਯੂਰਪ ’ਚ ਚੰਦਾ ਸਿੰਘ ਵੱਲੋਂ ਖੇਡੇ ਗਏ ਮੈਚਾਂ ਬਾਰੇ ਸੁਣਿਆ ਤਾਂ ਉਸ ਨੇ ਵੀ ਚੰਦਾ ਸਿੰਘ ਨੂੰ ਸਪੇਨ ਬੁਲਾਉਣ ਲਈ ਇੱਛਾ ਪ੍ਰਗਟਾਈ। ਬਾਦਸ਼ਾਹ ਨੇ ਆਪਣੇ ਗ੍ਰਹਿ ਮੰਤਰੀ ਨੂੰ ਚੰਦਾ ਸਿੰਘ ਨਾਲ ਗੱਲਬਾਤ ਕਰਨ ਲਈ ਭੇਜਿਆ। ਉਸ ਨੇ ਚੰਦਾ ਸਿੰਘ ਨੂੰ ਸਪੇਨ ਦੇ ਰਾਜੇ ਆਲਫ਼ਾਨਜ਼ੋ ਦੀ ਖ਼ਾਹਿਸ਼ ਦੱਸੀ। ਚੰਦਾ ਸਿੰਘ ਨੇ ਕਾਮਟੇ ਦੀ ਸਲਾਹ ਨਾਲ ਸਪੇਨ ਦੇ ਰਾਜੇ ਦੀ ਪੇਸ਼ਕਸ਼ ਮੰਨ ਲਈ। ਚੰਦਾ ਸਿੰਘ ਛੇਤੀ ਹੀ ਮੈਰਰਿਡ ਪਹੁੰਚ ਗਏ। ਉਸੇ ਸ਼ਾਮ ਨੂੰ ਹੀ ਬਾਦਸ਼ਾਹ ਨੇ ਇਕ ਮੈਚ ਖੇਡਣ ਦਾ ਪ੍ਰਬੰਧ ਕੀਤਾ। ਚੰਦਾ ਸਿੰਘ ਨੇ ਇਹ ਮੈਚ ਜਿੱਤ ਲਿਆ। ਬਾਦਸ਼ਾਹ ਨੇ ਚੰਦਾ ਸਿੰਘ ਨਾਲ ਹੱਥ ਮਿਲਾਇਆ ਤੇ ਜਿੱਤਣ ਦੀ ਵਧਾਈ ਦਿੱਤੀ। ਅਗਲੇ ਦਿਨ ਸਤਿਕਾਰ ’ਚ ਦਿੱਤੇ ਭੋਜ ਦੇ ਅਵਸਰ ’ਤੇ ਚੰਦਾ ਸਿੰਘ ਨੂੰ ਵਿਸ਼ੇਸ਼ ਫ਼ੌਜੀ ਕੰਪਨੀ ਨੇ ਸਲਾਮੀ ਦਿੱਤੀ, ਜਿਸ ਦੀ ਅਗਵਾਈ ਬਾਦਸ਼ਾਹ ਨੇ ਆਪ ਕੀਤੀ। ਇਸ ਤੋਂ ਇਕ ਹਫ਼ਤਾ ਬਾਅਦ ਸਪੇਨ ਦੀ ਪੋਲੋ ਚੈਂਪੀਅਨਸ਼ਿਪ ਸ਼ੁਰੂ ਹੋਈ, ਜਿਸ ਨੂੰ ਚੰਦਾ ਸਿੰਘ ਦੀ ਟੀਮ ਨੇ ਜਿੱਤਿਆ।
ਸਪੇਨ ਦਾ ਬਾਦਸ਼ਾਹ ਆਲਫ਼ਾਨਜ਼ੋ ਚੰਦਾ ਸਿੰਘ ਦੀ ਟੀਮ ਵੱਲੋਂ ਚੈਂਪੀਅਨਸ਼ਿਪ ਜਿੱਤ ਲੈਣ ’ਤੇ ਬਹੁਤ ਖ਼ੁਸ਼ ਹੋਇਆ। ਉਸ ਨੇ ਕਰਨਲ ਚੰਦਾ ਸਿੰਘ ਨੂੰ ਕਿਹਾ ਕਿ ਉਹ ਆਪਣਾ ਪਰਿਵਾਰ ਸਪੇਨ ਲੈ ਆਵੇ ਅਤੇ ਉਹ ਉਸ ਨੂੰ ਬਹੁਤ ਵੱਡਾ ਰੈਂਕ ਅਤੇ ਬਹੁਤ ਵੱਡੀ ਗਰਾਂਟ ਦੇਵੇਗਾ। ਕਰਨਲ ਚੰਦਾ ਸਿੰਘ ਨੇ ਬਾਦਸ਼ਾਹ ਦਾ ਧੰਨਵਾਦ ਕੀਤਾ ਅਤੇ ਨਿਮਰਤਾ ਸਹਿਤ ਕਿਹਾ ਕਿ ਉਹ ਪਹਿਲਾਂ ਹੀ ਮਹਾਰਾਜਾ ਪਟਿਆਲਾ ਕੋਲ ਸਰਵਿਸ ਕਰ ਰਿਹਾ ਹੈ। ਇਸ ਤੋਂ ਬਾਅਦ 11 ਦਸੰਬਰ 1919 ਨੂੰ ਕਰਨਲ ਚੰਦਾ ਸਿੰਘ ਨੇ ਪਟਿਆਲਾ ਪੁੱਜਣ ਤੋਂ ਪਹਿਲਾਂ ਹਜ਼ੂਰ ਸਾਹਿਬ ਅਬਚਲ ਨਗਰ ਨੰਦੇੜ ਸਾਹਿਬ (ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਅਸਥਾਨ) ਦੀ ਹਾਜ਼ਰੀ ਭਰੀ ਅਤੇ ਭਾਰੀਆਂ ਜਿੱਤਾਂ ਦਿਵਾਉਣ ਲਈ ਕਲਗੀਆਂ ਵਾਲੇ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਹਜ਼ੂਰ ਸਾਹਿਬ ਵਿਖੇ ਹੀ ਉਹ ਬਾਬਾ ਨਿਧਾਨ ਸਿੰਘ ਜੀ ਨੂੰ ਮਿਲੇ। ਬਾਬਾ ਜੀ ਨੇ ਪਾਣੀ ਦੀ ਕਿੱਲਤ ਦੀ ਗੱਲ ਕੀਤੀ ਤਾਂ ਚੰਦਾ ਸਿੰਘ ਸੁਰ ਸਿੰਘ ਵਾਲੇ ਨੇ ਉਸੇ ਵੇਲੇ ਖੂਹ ਦੀ ਖੁਦਾਈ ਸ਼ੁਰੂ ਕਰਵਾ ਦਿੱਤੀ ਤੇ ਖੂਹ ਸੰਪੂਰਨ ਕਰਵਾ ਕੇ ਫਿਰ ਪੰਜਾਬ ਵੱਲ ਚਾਲੇ ਪਾਏ।
ਇਸ ਤਰ੍ਹਾਂ ਚੰਦਾ ਸਿੰਘ ਨੇ ਪੋਲੋ ਖੇਡ ਰਾਹੀਂ ਜੋ ਨਾਮਣਾ ਖੱਟਿਆ, ਉਸ ਲਈ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਕਾਇਮ ਰੱਖੀ ਸਿੱਖੀ ਦੀ ਸ਼ਾਨ
ਇਤਿਹਾਸਕ ਪਿੰਡ ਸੁਰ ਸਿੰਘ ਨਾਮੀ ਪੁਸਤਕ ਅਨੁਸਾਰ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਸਤੰਬਰ 1909 ’ਚ ਗੱਦੀ ’ਤੇ ਬੈਠਿਆ। ਉਹ ਚੰਦਾ ਸਿੰਘ ਦੀਆਂ ਜਿੱਤਾਂ ਬਾਰੇ ਸੁਣ ਕੇ ਬਹੁਤ ਖ਼ੁਸ਼ ਹੋਇਆ। ਮਹਾਰਾਜਾ ਨੇ ਵਧਾਈ ਦਿੰਦਿਆਂ ਕਿਹਾ, ‘‘ਆਪ ਜੀ ਨੇ ਯੂਰਪ ਦੀ ਧਰਤੀ ’ਤੇ ਪਟਿਆਲਾ ਦਾ ਨਾਂ ਰੋਸ਼ਨ ਕੀਤਾ ਹੈ। ਆਪ ਨੇ ਮਹਾਰਾਜਾ ਜੀ ਲਈ ਭਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਨੂੰ ਮੈਂ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਦਾ ਹਾਂ।” ਉਸ ਮੌਕੇ ਚੰਦਾ ਸਿੰਘ ਨੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਅੱਗੇ ਬੇਨਤੀ ਕੀਤੀ ਕਿ ਇੰਗਲੈਂਡ ’ਚ ਕੋਈ ਗੁਰਦੁਆਰਾ ਨਹੀਂ ਹੈ, ਜਿੱਥੇ ਸਿੱਖ ਗੁਰੂ ਦੀ ਹਾਜ਼ਰੀ ਭਰ ਸਕਣ। ਕਿੰਗ ਐਡਵਰਡ 1910 ’ਚ ਮਰ ਗਿਆ ਅਤੇ ਜਾਰਜ ਪੰਜਵੇਂ ਨੇ ਜੂਨ 1911 ’ਚ ਰਾਜ ਭਾਗ ਸੰਭਾਲਿਆ। ਉਸ ਨੇ ਮਹਾਰਾਜਾ ਪਟਿਆਲਾ ਨੂੰ ਲੰਡਨ ਪੁੱਜਣ ਲਈ ਸੱਦਾ ਭੇਜਿਆ। ਮਹਾਰਾਜਾ ਤੇ ਚੰਦਾ ਸਿੰਘ ਜਦੋਂ ਲੰਡਨ ਪੁੱਜੇ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਥੇ ’ਤੇ ਇਕ ਜਗ੍ਹਾ ਪਸੰਦ ਕਰ ਕੇ ਗੁਰਦੁਆਰਾ ਬਣਾ ਦਿੱਤਾ ਗਿਆ ਜਿਸ ਦਾ ਨਾਂ ‘ਪਟਿਆਲਾ ਧਰਮਸ਼ਾਲਾ’ ਰੱਖਿਆ ਗਿਆ। ਪੁਸਤਕ ਪਿੰਡ ਸੁਰ ਸਿੰਘ ’ਚ ਅੰਕਿਤ ਵੇਰਵਿਆਂ ਅਨੁਸਾਰ ਜਨਵਰੀ 1916 ’ਚ ਭਾਰਤ ਸਰਕਾਰ ਵੱਲੋਂ ਉਸ ਨੂੰ ‘ਸਰਦਾਰ ਬਹਾਦਰ’ ਦਾ ਖ਼ਿਤਾਬ ਮਿਲਿਆ। 1918 ’ਚ ਮਹਾਰਾਜਾ ਪਟਿਆਲਾ ਨੇ ਉਸ ਨੂੰ ਬਹੁਤ ਵੱਡਾ ਖ਼ਿਤਾਬ ਦਿੱਤਾ ਤੇ ਵਿਦੇਸ਼ ਜਾਣ ਤੋਂ ਪਹਿਲਾਂ ਸ਼ਾਹੀ ਪਰਿਵਾਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ। ਅਕਤੂਬਰ 1918 ਨੂੰ ਮਹਾਰਾਜਾ ਨੇ ਉਸ ਨੂੰ ਬਿ੍ਰਗੇਡੀਅਰ ਦਾ ਰੈਂਕ ਦਿੱਤਾ ਤੇ ਅਪ੍ਰੈਲ 1919 ਨੂੰ ਮੇਜਰ ਜਨਰਲ ਬਣਾ ਕੇ ਨੇ ਆਪਣੀ ਸਿਰੀ ਸਾਹਿਬ ਉਸ ਨੂੰ ਦਿੱਤੀ। ਉਸ ਦਾ ਦੇਹਾਂਤ 1950 ’ਚ ਹੋਇਆ। ਉਸ ਨੇ 86 ਸਾਲ ਦੀ ਉਮਰ ਭੋਗੀ। ਉਹ ਸਦਾ ਸਾਬਤ ਸੂਰਤ ਗੁਰਸਿੱਖ ਰਿਹਾ, ਸਿੱਖੀ ਦੀ ਸ਼ਾਨ ਕਾਇਮ ਰੱਖੀ ਅਤੇ ਉਮਰ ਭਰ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੱਤਾ। ਉਸ ’ਤੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਹਮੇਸ਼ਾ ਮਾਣ ਰਹੇਗਾ। ਉਸ ਦੀ ਘਾਲਣਾ ਅਤੇ ਸ਼ਖ਼ਸੀਅਤ ਨੂੰ ਸਲਾਮ ਕਰਨੀ ਬਣਦੀ ਹੈ।
