ਫਿਲੌਰ: ਅੱਜ ਸਵੇਰੇ ਜੰਗਲ ਪਾਣੀ ਲਈ ਗਈ 12ਵੀਂ ਜਮਾਤ ਦੀ ਵਿਦਿਆਰਥਣ ਦੀ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮੁਸਕਾਨ (16) ਪੁੱਤਰੀ ਫੂਲ ਚੰਦ ਵਾਸੀ ਮੁਹੱਲਾ ਕਲਸੀ ਨਗਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਲਾਈਨਾਂ ਨੇੜੇ ਵੱਸਦੇ ਮੁਹੱਲਾ ਕਲਸੀ ਨਗਰ ’ਚ ਪਖਾਨੇ ਨਾ ਹੋਣ ਕਾਰਨ ਮੁਹੱਲੇ ਦੇ ਮਰਦਾਂ, ਔਰਤਾਂ ਤੇ ਬੱਚੇ ਰੇਲਵੇ ਲਾਈਨਾਂ ’ਤੇ ਜੰਗਲ ਪਾਣੀ ਜਾਂਦੇ ਹਨ। ਅੱਜ ਸਵੇਰੇ ਮੁਸਕਾਨ ਜੰਗਲ ਪਾਣੀ ਲਈ ਰੇਲਵੇ ਲਾਈਨਾਂ ’ਤੇ ਗਈ ਸੀ ਤਾਂ ਉਹ ਰੇਲਗੱਡੀ ਦੀ ਲਪੇਟ ਵਿਚ ਆ ਗਈ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੁਸਕਾਨ ਬਾਰਵੀਂ ਕਲਾਸ ਵਿਚ ਪੜ੍ਹਦੀ ਸੀ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਚੌਕੀ ਦੀ ਪੁਲਿਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲੈ ਲਈ। ਇੰਸਪੈਕਟਰ ਵੀਰ ਬੱਲ ਨੇ ਦੱਸਿਆ ਕਿ ਇਹ ਲੜਕੀ ਲੋਕਲ ਕਲਸੀ ਨਗਰ ਦੀ ਰਹਿਣ ਵਾਲੀ ਹੈ।
ਮੁਹੱਲੇ ’ਚ ਬਣੇ ਜਨਤਕ ਪਖਾਨਿਆ ਨੂੰ ਕੁਝ ਲੋਕਾਂ ਨੇ ਲਾਏ ਹੋਏ ਹਨ ਜਿੰਦਰੇ
ਮੌਕੇ ’ਤੇ ਪੁੱਜੇ ਇਲਾਕਾ ਕੌਂਸਲਰ ਯਸ਼ਪਾਲ ਗਿੰਢਾ ਨੇ ਦੱਸਿਆ ਕਿ ਲੋਕਾਂ ਦੀ ਕਿਸਮਤ ਐਨੀ ਮਾੜੀ ਹੈ ਕਿ ਇਥੋਂ ਦਾ ਵਿਧਾਇਕ ਤੇ ਐਮਪੀ ਹੋਣ ਦੇ ਬਾਵਜੂਦ ਮੁਹੱਲਾ ਕਲਸੀ ਨਗਰ ਪਖਾਨੇ ਨਹੀਂ ਬਣਾ ਜਾ ਸਕੇ। ਪਖਾਨੇ ਨਾ ਹੋਣ ਕਾਰਨ ਔਰਤਾਂ, ਬੱਚਿਆਂ ਤੇ ਮਰਦਾ ਨੂੰ ਲਾਈਨਾਂ ’ਤੇ ਹੀ ਜੰਗਲ ਪਾਣੀ ਜਾਣਾ ਪੈਂਦਾ ਹੈ। ਸਰਕਾਰਾਂ ਦਾ ਇਨ੍ਹਾਂ ਗਰੀਬਾਂ ਵੱਲ ਕੋਈ ਧਿਆਨ ਨਹੀਂ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮੁਹੱਲੇ ਨੇੜੇ ਸਥਿਤ ਬੱਸ ਸਟੈਂਡ ’ਤੇ ਚਾਰ ਟੋਆਲਿਟਾ ਬਣੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਕੁਝ ਮੁਹੱਲੇ ਵਾਲਿਆਂ ਨੇ ਆਪਣੀ ਵਰਤੋਂ ਲਈ ਤਾਲੇ ਲਾਏ ਹੋਏ ਹਨ। ਜਦੋਂ ਇਸ ਸਬੰਧੀ ਇਲਾਕੇ ਦੇ ਕੌਂਸਲਰ ਸ਼ੰਕਰ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਮੁਹੱਲੇ ਚਾਰ ਟੋਆਲਿਟਾਂ ਬਣਾ ਕੇ ਦਿੱਤੀਆਂ ਸਨ ਪਰ ਕੁਝ ਮੁਹੱਲੇ ਵਾਲਿਆਂ ਨੇ ਆਪਣੀ ਵਰਤੋਂ ਲਈ ਜਿੰਦਰੇ ਲਾ ਲਏ ਹਨ। ਕੌਂਸਲਰ ਨੇ ਕਿਹਾ ਕਿ ਅਸੀ ਉਹ ਜਿੰਦਰੇ ਖੁਲ੍ਹਵਾ ਦੇਣਗੇ।
