ਚੰਡੀਗੜ੍ਹ : ਪੁਲਿਸ ਵਿਭਾਗ ‘ਚ ਮੁਲਾਜ਼ਮਾਂ ਦੀ ਡਿਊਟੀ ਕਦੇ ਦਿਨ ਵੇਲੇ ਤੇ ਕਦੇ ਰਾਤ ਵੇਲੇ ਲਗਾਈ ਜਾਂਦੀ ਹੈ। ਪੁਲਿਸ ਵਿਭਾਗ ‘ਚ ਮਹਿਲਾ ਸਿਪਾਹੀਆਂ ਨੂੰ ਵੀ ਰਾਤ ਦੀ ਡਿਊਟੀ ਕਰਨੀ ਪੈਂਦੀ ਹੈ। ਪਰ ਇਕ ਪਤੀ ਆਪਣੀ ਕਾਂਸਟੇਬਲ ਪਤਨੀ ਦੀ ਲਗਾਤਾਰ ਨਾਈਟ ਡਿਊਟੀ ਤੋਂ ਪਰੇਸ਼ਾਨ ਹੋ ਗਿਆ ਤੇ ਥਾਣੇ ਪਹੁੰਚ ਗਿਆ। ਪਤੀ ਵੀ ਪੁਲਿਸ ਵਿਭਾਗ ‘ਚ ਕਾਂਸਟੇਬਲ ਵਜੋਂ ਤਾਇਨਾਤ ਹੈ। ਥਾਣੇ ਪਹੁੰਚ ਕੇ ਉਸ ਨੇ ਆਪਣਾ ਸਰਕਾਰੀ ਪਿਸਤੌਲ ਕੱਢ ਲਿਆ। ਫਿਰ ਕੀ ਸੀ ਥਾਣੇ ‘ਚ ਹੜਕੰਪ ਮਚ ਗਿਆ। ਕਿਸੇ ਤਰ੍ਹਾਂ ਨਾਰਾਜ਼ ਪਤੀ ਨੂੰ ਕਾਬੂ ਕਰ ਲਿਆ ਤੇ ਉਸ ਦੀ ਸਰਕਾਰੀ ਪਿਸਤੌਲ ਵੀ ਜ਼ਬਤ ਕਰ ਲਈ ਗਈ।
ਘਟਨਾ ਚੰਡੀਗੜ੍ਹ ਦੇ ਮੌਲੀਜਾਗਰਾਂ ਥਾਣੇ ਦੀ ਹੈ। ਪੰਚਕੂਲਾ ਪੁਲਿਸ ਦੇ ਇਕ ਕਾਂਸਟੇਬਲ ਦੀ ਪਤਨੀ ਚੰਡੀਗੜ੍ਹ ਪੁਲਿਸ ਵਿਭਾਗ ‘ਚ ਤਾਇਨਾਤ ਹੈ। ਪਰ ਕਈ ਦਿਨਾਂ ਤੋਂ ਉਸ ਦੀ ਨਾਈਟ ਡਿਊਟੀ ਲੱਗੀ ਹੋਈ ਸੀ। ਇਸ ਤੋਂ ਨਾਰਾਜ਼ ਹੋ ਕੇ ਕਾਂਸਟੇਬਲ ਪਤੀ ਪਤਨੀ ਦੇ ਥਾਣੇ ਪਹੁੰਚ ਗਿਆ ਤੇ ਮੌਲੀਜਾਗਰਾਂ ਥਾਣੇ ਵਿੱਚ ਕਾਫੀ ਹੰਗਾਮਾ ਕੀਤਾ ਅਤੇ ਆਪਣੀ ਸਰਕਾਰੀ ਪਿਸਤੌਲ ਕੱਢ ਲਈ। ਸ਼ੁਕਰ ਹੈ ਕਿ ਪਿਸਤੌਲ ਤੋਂ ਕੋਈ ਫਾਇਰ ਨਹੀਂ ਹੋਇਆ।
ਥਾਣੇ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਕਾਂਸਟੇਬਲ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਪਿਸਤੌਲ ਖੋਹ ਲਈ। ਇਸ ਤੋਂ ਬਾਅਦ ਵੀ ਜਦੋਂ ਹੌਲਦਾਰ ਨਾ ਮੰਨਿਆ ਤਾਂ ਨਾਈਟ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮ ਅਤੇ ਮੌਲੀਜਾਗਰਾਂ ਸਟੇਸ਼ਨ ਇੰਚਾਰਜ ਜੈਵੀਰ ਰਾਣਾ ਮੌਕੇ ’ਤੇ ਪੁੱਜੇ। ਬਾਅਦ ਵਿੱਚ, ਕਾਂਸਟੇਬਲ ਖਿਲਾਫ਼ ਡੀਡੀਆਰ ਦਰਜ ਕਰ ਕੇ ਉਸ ਦੀ ਸਰਕਾਰੀ ਪਿਸਤੌਲ ਜ਼ਬਤ ਕਰ ਲਈ ਗਈ।
ਪੰਚਕੂਲਾ ਪੁਲਿਸ ਦਾ ਹੌਲਦਾਰ ਜੱਜ ਦੀ ਸੁਰੱਖਿਆ ‘ਚ ਤਾਇਨਾਤ ਹੈ। ਮੌਲੀਜਾਗਰਾਂ ਥਾਣਾ ਇੰਚਾਰਜ ਨੇ ਦੱਸਿਆ ਕਿ ਐਸਐਸਪੀ ਕੁਲਦੀਪ ਚਾਹਲ ਨੇ ਮਾਮਲੇ ‘ਚ ਕਾਂਸਟੇਬਲ ਖ਼ਿਲਾਫ਼ ਵਿਭਾਗੀ ਜਾਂਚ ਲਈ ਹਰਿਆਣਾ ਪੁਲਿਸ ਨੂੰ ਪੱਤਰ ਲਿਖਿਆ ਹੈ। ਫਿਲਹਾਲ ਹੌਲਦਾਰ ਦਾ ਪਿਸਤੌਲ ਚੰਡੀਗੜ੍ਹ ਪੁਲਿਸ ਦੇ ਕਬਜ਼ੇ ਵਿੱਚ ਹੈ।
