ਫਗਵਾੜਾ : ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਸਮੂਹ ਕਿਸਾਨਾਂ ਦੇ ਨਾਲ ਮਿਲ ਕੇ ਗੰਨਾ ਮਿੱਲ ਮਾਲਕਾਂ ਵੱਲੋਂ ਗੰਨੇ ਦੀ ਬਕਾਇਆ 72 ਕਰੋੜ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਜੋਂ ਸ਼ੂਗਰ ਮਿੱਲ ਪੁਲ ਉੱਪਰ ਕੌਮੀ ਰਾਜ ਮਾਰਗ ਤੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਕੌਮੀ ਰਾਜ ਮਾਰਗ ‘ਤੇ ਹੀ ਮੰਜੇ ਡਾਹ ਕੇ ਪੂਰੀ ਰਾਤ ਬਿਤਾਈ ਅਤੇ ਮੁੜ ਸਵੇਰੇ ਫਿਰ ਧਰਨੇ ਦੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਵੀ ਸਮੂਹ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਕੌਮੀ ਰਾਜਮਾਰਗਾਂ ਨੂੰ ਘੇਰ ਲਿਆ ਸੀ ਅਤੇ ਇਸੇ ਤਰ੍ਹਾਂ ਸੜਕਾਂ ‘ਤੇ ਸਖ਼ਤ ਗਰਮੀ-ਸਰਦੀ, ਹਨੇਰੀ-ਝਖੜ ‘ਚ ਦਿਨ ਤੇ ਰਾਤ ਬੀਤਦੇ ਸਨ, ਉਸੇ ਤਰ੍ਹਾਂ ਹੁਣ ਮੁੜ ਕਿਸਾਨਾਂ ਨੇ ਸ਼ੂਗਰ ਮਿੱਲ ਫਗਵਾੜਾ ਖ਼ਿਲਾਫ਼ ਆਪਣਾ ਧਰਨਾ ਜਾਰੀ ਕਰ ਦਿੱਤਾ ਹੈ। ਅੱਜ ਦੇਸ਼ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਫਗਵਾੜਾ ਵਿਖੇ ਹੋਵੇਗੀ ਜਿਸ ਵਿੱਚ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ।
