ਸ਼ਾਹਕੋਟ : ਲਖੀਮਪੁਰ ਖੀਰੀ ਵਿਖੇ ਮਾਰੇ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਤੇ ਕਿਸਾਨ ਅੰਦੋਲਨ ਦੀ ਚੜ੍ਹਦੀਕਲਾ ਲਈ ਪਿੰਡ ਢੰਡੋਵਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਰਿਟਾਇਰਡ ਅਟਾਰਨੀ ਐਡਵੋਕੇਟ ਬਲਤੇਜ ਸਿੰਘ ਿਢੱਲੋਂ ਨੇ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਬਾਰੇ ਸੰਗਤ ਨੂੰ ਵਿਸ਼ਤਾਰਪੂਰਵਕ ਜਾਣਕਾਰੀ ਦਿੱਤੀ।
ਿਢੱਲੋਂ ਨੇ ਕਿਹਾ ਕਿ ਕੁਝ ਦਹਾਕੇ ਪਹਿਲਾਂ ਅਮਰੀਕਾ ਵਿਚ ਵੀ ਖੇਤੀ ਸਬੰਧੀ ਕਾਨੂੰਨ ਬਣਾਇਆ ਗਿਆ ਸੀ, ਜੋ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਸੀ। ਭਾਰਤ ਸਰਕਾਰ ਵੀ ਅਮਰੀਕਾ ਵਾਂਗ ਗਲਤੀ ਕਰ ਕੇ ਕਿਸਾਨਾਂ ‘ਤੇ ਖੇਤੀ ਕਾਨੂੰਨ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2020 ਵਿਚ ਭਾਰਤ ਦੀ ਪਾਰਲੀਮੈਂਟ ਵਿਚ ਪਾਸ ਹੋਏ ਖੇਤੀ ਕਾਨੂੰਨਾਂ ਨੂੰ ਅਸਲ ‘ਚ ਕੇਂਦਰ ਸਰਕਾਰ ਬਣਾ ਹੀ ਨਹੀਂ ਸਕਦੀ। ਖੇਤੀ ਸਬੰਧੀ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ਼ ਸੂਬਾ ਸਰਕਾਰ ਨੂੰ ਹੀ ਹੈ ਪਰ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰ ਨੂੰ ਖੋਹ ਰਹੀ ਹੈ। ਇਸ ਵਿਸ਼ੇ ‘ਤੇ ਕੇਂਦਰ ਕੋਲੋਂ ਜਵਾਬ ਮੰਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਦਾ ਤੁਰੰਤ ਨੋਟਿਸ ਲਿਆ ਤੇ ਜੇ ਅਜਿਹਾ ਖੇਤੀ ਕਾਨੂੰਨ ਪਾਸ ਹੋਣ ਵੇਲੇ ਕੀਤਾ ਹੁੰਦਾ ਤਾਂ ਕਿਸਾਨ ਅੰਦੋਲਨ ਸ਼ੁਰੂ ਹੀ ਨਹੀਂ ਹੋਣਾ ਸੀ।
ਕਾਰਪੋਰੇਟ ਘਰਾਣਿਆਂ ਬਾਰੇ ਐਡਵੋਕੇਟ ਿਢੱਲੋਂ ਨੇ ਕਿਹਾ ਕਿ ਦੇਸ਼ ਦੇ ਅਮੀਰ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਖੇਤੀ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਿਸੇ ਧਰਮ ਤੇ ਪਾਰਟੀ ਨਾਲ ਨਹੀਂ ਜੋੜਨਾ ਚਾਹੀਦਾ। ਜੇਕਰ ਅੰਦੋਲਨ ਫੇਲ੍ਹ ਹੋ ਗਿਆ ਤਾਂ ਲੋਕ ਕਿਸਾਨ ਆਗੂਆਂ ਨੂੰ ਕਦੇ ਮਾਫ਼ ਨਹੀਂ ਕਰਨਗੇ।
ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਚੱਠਾ ਢੰਡੋਵਾਲ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਸਰਕਾਰ ਖੇਤੀ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਦੀ ਹੈ ਤੇ ਫਸਲ ਖ਼ਰਾਬ ਹੋਣ ਦੀ ਸੂਰਤ ‘ਚ ਢੁੱਕਵਾਂ ਮੁਆਵਜ਼ਾ ਬਿਨਾਂ ਕਿਸੇ ਦੇਰੀ ਦੇ ਕਿਸਾਨ ਨੂੰ ਦਿੱਤਾ ਜਾਂਦਾ ਹੈ ਪਰ ਭਾਰਤ ‘ਚ ਸਿਸਟਮ ਭਿ੍ਸ਼ਟ ਹੋਣ ਕਾਰਨ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਚੱਠਾ ਨੇ ਕਿਹਾ ਕਿ ਬਜ਼ੁਰਗ ਤੇ ਨੌਜਵਾਨ ਕਿਸਾਨ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਬਲਦੇਵ ਸਿੰਘ ਚੱਠਾ ਨੇ ਲਖੀਮਪੁਰ ਖੀਰੀ ਤੇ ਕਿਸਾਨੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸਭ ਤੋਂ ਪਹਿਲਾਂ ਪੰਜਾਬ ਨੇ ਆਵਾਜ਼ ਉਠਾਈ ਤੇ ਹੁਣ ਸਾਰਾ ਦੇਸ਼ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ। ਅੰਦੋਲਨ ਦੀ ਸਫ਼ਲਤਾ ਲਈ ਸਾਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਜੋ ਵੀ ਉਨ੍ਹਾਂ ਦੀ ਸੇਵਾ ਲਾਉਣਗੀਆਂ, ਉਹ ਉਸ ਨੂੰ ਪੂਰਾ ਕਰਨਗੇ। ਉੱਘੇ ਸਿੱਖ ਚਿੰਤਕ ਭਾਈ ਪਾਲ ਸਿੰਘ ਫਰਾਂਸ, ਤਜਿੰਦਰ ਸਿੰਘ ਰਾਮਪੁਰ, ਦਲਬੀਰ ਸਿੰਘ ਬਤਾਲਾ, ਅਵਤਾਰ ਸਿੰਘ ਕੰਗ ਤੇ ਹਰਬੰਸ ਸਿੰਘ ਚੱਠਾ ਯੂਕੇ ਨੇ ਕਿਹਾ ਕਿ ਪੰਜਾਬ ਦੇ ਲੋਕ ਜ਼ੁਲਮ ਖ਼ਿਲਾਫ਼ ਹਮੇਸ਼ਾ ਹੀ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਆਏ ਹਨ। ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੇਂਦਰ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ‘ਚ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਅਪੀਲ ਕੀਤੀ।
ਇਸ ਮੌਕੇ ਮਨਿੰਦਰ ਸਿੰਘ ਬਦੇਸ਼ਾ, ਗੁਰਮੁੱਖ ਸਿੰਘ ਬਦੇਸ਼ਾ, ਐਡਵੋਕੇਟ ਕਰਨਵੀਰ ਸਿੰਘ ਬਦੇਸ਼ਾ, ਜਸਪਾਲ ਸਿੰਘ ਮਿਗਲਾਨੀ, ਪਰਉਪਕਾਰ ਸਿੰਘ ਬਦੇਸ਼ਾ, ਜਸਪਾਲ ਸਿੰਘ ਪੰਚ, ਜਸਵੰਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਪੂਰਨ ਸਿੰਘ ਚੱਠਾ, ਬਲਹਾਰ ਸਿੰਘ ਚੱਠਾ ਸਮੇਤ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।
ਲਖੀਮਪੁਰ ਖੀਰੀ ਦੀ ਘਟਨਾ ਪਿੱਛੇ ਡੂੰਘੀ ਸਾਜ਼ਿਸ਼ : ਪ੍ਰਧਾਨ ਢੰਡੋਵਾਲ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਤਲਵੰਡੀ ਸੰਘੇੜਾ ਦੇ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ ਨੇ ਕਿਹਾ ਕਿ ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ। ਦਿੱਲੀ ਮੋਰਚੇ ‘ਚ ਹੁਣ ਤਕ 750 ਕਿਸਾਨ ਜਾਨਾਂ ਦੀਆਂ ਆਹੂਤੀਆਂ ਦੇ ਚੁੱਕੇ ਹਨ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਮੋਰਚਾ ਪੂਰੀ ਚੜ੍ਹਦੀਕਲਾ ‘ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਦਿੱਲੀ ਮੋਰਚਾ ਜਿੱਤ ਕੇ ਘਰਾਂ ਨੂੰ ਵਾਪਸ ਪਰਤਣਗੇ।
