LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ
ਜਲੰਧਰ/ਫਗਵਾੜਾ (ਵੈੱਬ ਡੈਸਕ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ‘ਤੇ ਨਵੀਂ ਅਪਡੇਟ ਸਾਹਮਣੇ ਆਈ ਹੈ। ਦਰਅਸਲ ਇਸ ਮਾਮਲੇ ਵਿਚ ਯੂਨੀਵਰਸਿਟੀ ਦੀ ਰਜਿਸਟਰਾਰ ਡਾਕਟਰ ਮੋਨਿਕਾ ਗੁਲਾਟੀ ਨੇ ਕੈਮਰੇ ਸਾਹਮਣੇ ਆ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ ਪਿੱਛੇ ਅਸਮਾਜਿਕ ਤੱਤਾਂ ਦਾ ਹੱਥ ਹੈ। ਅਫ਼ਵਾਹਾਂ ਫੈਲਾ ਕੇ ਯੂਨੀਵਰਸਿਟੀ ਨੂੰ ਸਿਰਫ਼ ਬਦਨਾਮ ਕੀਤਾ ਜਾ ਰਿਹਾ ਹੈ। ਮੋਨਿਕਾ ਗੁਲਾਟੀ ਨੇ ਵਿਦਿਆਰਥਣਾਂ ਦੀ ਇਕ ਵੀਡੀਓ ਵੀ ਜਾਰੀ ਕੀਤੀ ਹੈ, ਜੋਕਿ GH-3 ਦੇ ਰੂਮ ਨੰਬਰ 504 ਦੀਆਂ ਵਿਦਿਆਰਥਣਾਂ ਦੀ ਹੈ। ਵੀਡੀਓ ‘ਚ ਵਿਦਿਆਰਥਣਾਂ ਨੇ ਖ਼ੁਲਾਸਾ ਕਰਦੇ ਕਿਹਾ ਕਿ ਅਸੀਂ GH-3 ਦੇ ਰੂਮ ਨੰਬਰ 504 ਦੀਆਂ ਵਿਦਿਆਰਥਣਾਂ ਹਾਂ ਅਤੇ ਸਾਡੇ ਕਮਰੇ ਵਿਚ ਅਜਿਹਾ ਕੁਝ ਨਹੀਂ ਹੋਇਆ ਹੈ। ਅਸੀਂ ਪਿਛਲੇ ਦੋ ਮਹੀਨਿਆਂ ਤੋਂ ਇਸੇ ਕਮਰੇ ਵਿਚ ਰਹਿ ਰਹੇ ਹਾਂ। ਸਾਨੂੰ ਪੁਲਸ ਅਤੇ ਹੋਰ ਸਟੂਡੈਂਟਸ ਵੱਲੋਂ ਬੀਤੇ ਦਿਨ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਾਡਾ ਰੂਮ ਇਸ ਘਟਨਾ ਵਿਚ ਸ਼ਾਮਲ ਨਹੀਂ ਹੈ। ਅਸੀਂ ਬੇਹੱਦ ਪਰੇਸ਼ਾਨ ਹਾਂ ਅਤੇ ਜੇਕਰ ਸਾਨੂੰ ਜ਼ਿਆਦਾ ਤੰਗ-ਪਰੇਸ਼ਾਨ ਕੀਤਾ ਜਾਵੇਗਾ ਤਾਂ ਅਸੀਂ ਆਪਣੇ ਮਾਤਾ-ਪਿਤਾ ਨੂੰ ਬੁਲਾਵਾਂਗੇ।

ਜ਼ਿਕਰਯੋਗ ਹੈ ਕਿ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਸ਼ਨੀਵਾਰ ਰਾਤ ਤੋਂ ਸ਼ੁਰੂ ਹੋਇਆ ਵਿਦਿਆਰਥੀਆਂ ਦਾ ਪ੍ਰਦਰਸ਼ਨ ਐਤਵਾਰ ਵੀ ਜਾਰੀ ਰਿਹਾ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਵਿਚ ਇਕ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕੀਤਾ ਗਿਆ, ਜਿਸ ਤੋਂ ਬਾਅਦ ਉਸ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਸੋਸ਼ਲ ਮੀਡੀਆ ‘ਤੇ ਮੈਸੇਜ ਵਾਇਰਲ ਹੋਣ ਮਗਰੋਂ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀ ਸੜਕਾਂ ‘ਤੇ ਉਤਰ ਆਏ। ਇਸ ਮਾਮਲੇ ਵਿਚ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਨਵੀਨ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ਵਿਚ ਅਣਪਛਾਤਿਆਂ ‘ਤੇ FIR ਦਰਜ ਕੀਤੀ ਗਈ ਹੈ। ਇਸ ਦੇ ਇਲਾਵਾ ਇਕ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਸੁਪਰਡੈਂਟ ਆਫ਼ ਪੁਲਸ (SP) ਫਗਵਾੜਾ, ਮੇਜਰ ਸਿੰਘ ਕਰ ਰਹੇ ਹਨ। ਪੁਲਸ ਹੁਣ ਸੱਚਾਈ ਦਾ ਪਤਾ ਲਗਾਉਣ ਲਈ ਸੀ. ਸੀ. ਟੀ. ਵੀ. ਫੁਟੇਜ, ਫੋਰੈਂਸਿਕ ਸਬੂਤਾਂ ਅਤੇ ਫ਼ੋਨ ਕਾਲਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਪੁਲਸ ਮੁਤਾਬਕ ਫਿਲਹਾਲ ਪੀੜਤਾ ਦੀ ਪਛਾਣ ਸਬੰਧੀ ਪੂਰੀ ਜਾਣਕਾਰੀ ਉਪਲੱਬਧ ਨਹੀਂ ਹੈ। FIR ‘ਚ ਜੀ-3 ਹੋਸਟਲ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋਵੇਗੀ। ਪੁਲਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਕਿਸੇ ਵੀ ਵਿਅਕਤੀ ਨੂੰ ਮਾਮਲੇ ‘ਚ ਦੋਸ਼ੀ ਵਜੋਂ ਪਛਾਣਿਆ ਨਹੀਂ ਗਿਆ ਹੈ।
ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ, ਆਵਾਜਾਈ ਪੂਰੀ ਤਰ੍ਹਾਂ ਠੱਪ
ਇਸ ਦੇ ਬਾਵਜੂਦ ਵੀ ਵਿਦਿਆਰਥੀਆਂ ਵੱਲੋਂ ਲਗਾਤਾਰ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ। ਕਰੀਬ 12 ਘੰਟਿਆਂ ਤੋਂ ਹਾਈਵੇਅ ‘ਤੇ ਵਿਦਿਆਰਥੀਆਂ ਵੱਲੋਂ ਆਵਾਜਾਈ ਠੱਪ ਕੀਤੀ ਗਈ ਹੈ। ਉਹ ਮੁਲਜ਼ਮ ਦੀ ਗ੍ਰਿਫ਼ਤਾਰੀ ਸਮੇਤ ਕਈ ਮੰਗਾਂ ‘ਤੇ ਅੜ੍ਹੇ ਹੋਏ ਹਨ। ਵਿਦਿਆਰਥੀਆਂ ਵੱਲੋਂ ਕੈਂਪਸ ਵਿਚ ਕਾਫ਼ੀ ਭੰਨਤੋੜ ਕੀਤੀ ਗਈ ਹੈ, ਜਿਸ ਦੀ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਅੰਦਰ ਬਣੇ ਸ਼ਾਪਿੰਗ ਮਾਲ ਵਿਚ ਵੀ ਭੰਨਤੋੜ ਕੀਤੀ ਗਈ ਹੈ। ਵਿਦਿਆਰਥੀਆਂ ਦਾ ਵਿਰੋਧ ਇਸ ਹੱਦ ਤੱਕ ਵਧ ਗਿਆ ਕਿ ਕੁਝ ਲੋਕ ਕੈਂਪਸ ‘ਚ ਖੜ੍ਹੇ ਇਕ ਪੁਰਾਣੇ ਹਵਾਈ ਸੈਨਾ ਦੇ ਮਿੱਗ-23 ਜਹਾਜ਼ ਅਤੇ ਇਕ ਟੈਂਕ ‘ਤੇ ਚੜ੍ਹ ਗਏ। ਵਿਦਿਆਰਥੀਆਂ ਨੇ ਪੁਲਸ ਸਾਹਮਣੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਜੇਕਰ ਜਾਂਚ ‘ਚ ਕੋਈ ਵਿਅਕਤੀ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਰੱਖੀ। ਉਥੇ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਜਬਰ-ਜ਼ਿਨਾਹ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਵਿਦਿਆਰਥੀਆਂ ਸਮੇਤ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਫ਼ਵਾਹ ‘ਤੇ ਧਿਆਨ ਨਾ ਦਿੱਤਾ ਜਾਵੇ।

ਵਿਦਿਆਰਥੀਆਂ ਦਾ ਦਾਅਵਾ ਹੈ ਕਿ ਜਬਰ-ਜ਼ਿਨਾਹ ਪੀੜਤਾ ਨੇ ਕੀਤੀ ਖ਼ੁਦਕੁਸ਼ੀ
ਵਿਦਿਆਰਥੀਆਂ ਦਾ ਦੋਸ਼ ਹੈ ਕਿ ਵਿਦਿਆਰਥਣ ਨੇ ਜਬਰ-ਜ਼ਿਨਾਹ ਦੀ ਸ਼ਿਕਾਇਤ ਹੋਸਟਲ ਵਾਰਡਨ ਅਤੇ ਪ੍ਰਬੰਧਨ ਨੂੰ ਕੀਤੀ ਸੀ ਪਰ ਉਨ੍ਹਾਂ ਨੇ ਉਸ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਸ ਨੂੰ ਘਰ ਭੇਜ ਦਿੱਤਾ ਸੀ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਵਿਦਿਆਰਥਣ ਦੋ ਦਿਨ ਬਾਅਦ ਘਰੋਂ ਵਾਪਸ ਆਈ ਸੀ। ਉਸੇ ਰਾਤ ਬਾਅਦ ‘ਚ ਉਸ ਨੇ ਹੋਸਟਲ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਵਿਦਿਆਰਥੀਆਂ ਦੀਆਂ ਮੰਗਾਂ
ਦੋਸ਼ੀ ਸਬੂਤਾਂ ਨਾਲ ਸਲਾਖਾਂ ਦੇ ਪਿੱਛੇ ਹੋਵੇ
ਜਬਰ-ਜ਼ਿਨਾਹ ਅਤੇ ਖ਼ੁਦਕੁਸ਼ੀ ਵਾਲੇ ਮਾਮਲਿਆਂ ‘ਚ ਜਵਾਬਦੇਹੀ ਅਤੇ ਡੂੰਘਾਈ ਨਾਲ ਹੋਵੇ ਜਾਂਚ ਹੋਵੇ
ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਹੋਵੇ ਅਤੇ ਗਰਲਜ਼ ਹੋਸਟਲ ‘ਚ ਕੋਈ ਵੀ ਪੁਰਸ਼ ਸਟਾਫ਼ ਨਹੀਂ ਹੋਣਾ ਚਾਹੀਦਾ।
ਵਾਰਡਨ ਨੂੰ ਸਾਹਮਣੇ ਆ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਅਸਤੀਫ਼ਾ ਦੇਣਾ ਚਾਹੀਦਾ ਹੈ
ਇਕ ਵਿਦਿਆਰਥੀ ਪ੍ਰੈਸੀਡੈਂਟ ਹੋਣਾ ਚਾਹੀਦਾ ਹੈ।
