ਜਲੰਧਰ : ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਤੋਂ ਵੱਖ ਹੋਣ ਅਤੇ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਦੀ ਗੱਲ ਆਖਣ ਤੋਂ ਬਾਅਦ ਪੰਜਾਬ ਦੇ ਕਾਂਗਰਸ ਨੇਤਾ ਸਾਬਕਾ ਮੁੱਖ ਮੰਤਰੀ ਦੇ ਖ਼ਿਲਾਫ਼ ਹਮਲਾਵਰ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਕੁਨੈਕਸ਼ਨ ’ਤੇ ਸਵਾਲ ਉਠਾਉਣ ਤੋਂ ਬਾਅਦ ਕਾਂਗਰਸ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦਾ ਮੁੱਦਾ ਉਠਾ ਦਿੱਤਾ ਹੈ। ਇਸ ਨਾਲ ਪੰਜਾਬ ਦੀ ਸਿਆਸਤ ’ਚ ਅਰੂਸਾ ਆਲਮ ਨੂੰ ਲੈ ਕੇ ਰੌਲਾ ਪੈ ਗਿਆ ਹੈ।
ਸ਼ੁੱਕਰਵਾਰ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਅਰੂਸਾ ਆਲਮ ਦੇ ਆਈਐੱਸਆਈ ਨਾਲ ਸਬੰਧਾਂ ਦੀ ਜਾਂਚ ਦੇ ਆਦੇਸ਼ ਦੇ ਦਿੱਤੇ। ਉਨ੍ਹਾਂ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ, ਪਰ ਬਾਅਦ ’ਚ ਇਸ ਟਵੀਟ ਨੂੰ ਡਲੀਟ ਕਰ ਦਿੱਤਾ। ਇਸ ਤੋਂ ਬਾਅਦ ਉਹ ਕੈਪਟਨ ਦੀ ਟੀਮ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨੇ ’ਤੇ ਆ ਗਏ। ਇਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਰੰਧਾਵਾ ਨੂੰ ਤਲਬ ਕਰ ਲਿਆ। ਇਸ ਨਾਲ ਰੰਧਾਵਾ ਹੁਣ ਖ਼ੁਦ ਘਿਰਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਪੱਤਰਕਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਦੀ ਸਿਆਸਤ ’ਚ ਪਹਿਲਾਂ ਵੀ ਚਰਚਾਵਾਂ ਹੁੰਦੀਆਂ ਰਹੀਆਂ ਹਨ, ਪਰ ਪਿਛਲੇ ਇਕ-ਦੋ ਦਿਨਾਂ ਤੋਂ ਇਹ ਮਾਮਲਾ ਗਰਮਾ ਗਿਆ ਹੈ। ਅਰੂਸਾ ਦੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਕੁਨੈਕਸ਼ਨ ਦੀ ਜਾਂਚ ਦੇ ਆਦੇਸ਼ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਨੂੰ ਦਿੱਤੇ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਮੇਤ ਉਨ੍ਹਾਂ ਦੀ ਟੀਮ ਨੇ ਰੰਧਾਵਾ ’ਤੇ ਪਲਟਵਾਰ ਕਰਦੇ ਹੋਏ ਕੇਂਦਰ ਦੀ ਤਤਕਾਲੀ ਕਾਂਗਰਸ ਜੋੜ ਵਾਲੀ ਸਰਕਾਰ ਸਮੇਤ ਕੇਂਦਰ ਦੀ ਮੌਜੂਦਾ ਸਰਕਾਰ ਨੂੰ ਕਟਹਿਰੀ ’ਚ ਖੜ੍ਹਾ ਕਰ ਦਿੱਤਾ ਹੈ।
ਹਾਈਕਮਾਨ ਨੇ ਰੰਧਾਵਾ ਨੂੰ ਕੀਤਾ ਤਲਬ
ਸ਼ੁੱਕਰਵਾਰ ਨੂੰ ਪੂਰੇ ਦਿਨ ਅਰੂਸਾ ਨੂੰ ਲੈ ਕੇ ਸਿਆਸਤ ਹੁੰਦੀ ਰਹੀ। ਰੰਧਾਵਾ ਨੇ ਟਵੀਟ ਕਰ ਕੇ ਜਾਂਚ ਦੇ ਆਦੇਸ਼ਾਂ ਦੀ ਜਾਣਕਾਰੀ ਦਿੱਤੀ, ਪਰ ਕੁਝ ਹੀ ਦੇਰ ਬਾਅਦ ਟਵੀਟ ਡਲੀਟ ਕਰ ਦਿੱਤਾ। ਇਸ ਦੌਰਾਨ ਹਾਈ ਕਮਾਨ ਨੇ ਉਨ੍ਹਾਂ ਨੂੰ ਦਿੱਲੀ ਤਲਬ ਕਰ ਲਿਆ। ਇਸ ਨਾਲ ਕਾਂਗਰਸੀਆਂ ’ਚ ਵੀ ਖਲਬਲੀ ਹੈ ਕਿ ਆਖ਼ਰ ਇਸ ਦੇ ਕੀ ਮਾਅਨੇ ਹਨ। ਰੰਧਾਵਾ ਦੇ ਅਕਾਊਂਟ ਤੋਂ ਟਵੀਟ ਕਰ ਕੇ ਉਸ ਨੂੰ ਡਲੀਟ ਕਰਨ ਤੋਂ ਬਾਅਦ ਕੈਪਟਨ ਧੜੇ ਨੇ ਪਲਟਵਾਰ ਸ਼ੁਰੂ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਅਰੂਸਾ ਆਲਮ 2016 ’ਚ ਜਲੰਧਰ ’ਚ ਪੰਜਾਬ ਪ੍ਰੈੱਸ ਕਲੱਬ ਦੇ ਉਦਘਾਟਨ ਸਮਾਰੋਹ ’ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਸੀ। ਉਹ ਜਲੰਧਰ ਪ੍ਰੈੱਸ ਕਲੱਬ ਦੇ ਸੱਦੇ ’ਤੇ ਆਈ ਸੀ ਅਤੇ ਇਸ ਤੋਂ ਕੁਝ ਦਿਨਾਂ ਬਾਅਦ ਹੀ ਕੈਪਟਨ ਅਤੇ ਅਰੂਸਾ ਦੀ ਦੋਸਤੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਸੀ। ਤਿੰਨ ਸਾਲਾਂ ਤਕ ਉਸੇ ਉਦਘਾਟਨ ਸਮਾਰੋਹ ਦੀ ਫੋਟੋ ਦੀਆਂ ਖ਼ਬਰਾਂ ’ਚ ਛਾਈਆਂ ਰਹਿੰਦੀਆਂ ਸਨ, ਪਰ ਕੈਪਟਨ ਨੇ ਅਰੂਸਾ ਨੂੰ ਲੈ ਕੇ ਸ਼ੁਰੂ ਤੋਂ ਆਪਣਾ ਸਟੈਂਡ ਕਲੀਅਰ ਰੱਖਿਆ ਸੀ। 2017 ’ਚ ਵੀ ਸੱਤਾ ’ਚ ਆਉਣ ਤੋਂ ਬਾਅਦ ਕੈਪਟਨ ’ਤੇ ਵਿਰੋਧੀਆਂ ਨੇ ਅਰੂਸਾ ਨੂੰ ਨੇ ਕੇ ਸਿਆਸੀ ਵਾਰ ਕੀਤੇ ਸਨ, ਪਰ ਕੈਪਟਨ ਆਪਣੇ ਸਟੈਂਡ ’ਤੇ ਕਾਇਮ ਰਹੇ।
ਹਾਲ ਹੀ ਵਿੱਚ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਨੇ ਆਪਣੀ ਪਾਰਟੀ ਬਣਾਉਣ ਦੀ ਗੱਲ ਆਖੀ। ਇਸ ਨਾਲ ਇਕ ਵਾਰ ਫਿਰ ਕੈਪਟਨ ਪੰਜਾਬ ਦੀ ਸਿਆਸਤ ਦਾ ਕੇਂਦਰ ਬਿੰਦੂ ਬਣ ਗਏ ਹਨ। ਬੀਤੇ ਦਿਨੀ ਡਿਪਟੀ ਸੀਐੱਮ ਰੰਧਾਵਾ ਨੇ ਕੈਪਟਨ ਦੀ ਮਹਿਲਾ ਮਿੱਤਰ ਅਰੂਸਾ ਆਲਮ ਅਤੇ ਆਈਐੱਸਆਈ ਦੇ ਕੁਨੈਕਸ਼ਨ ਦੀ ਜਾਂਚ ਨੂੰ ਲੈ ਕੇ ਬਿਆਨ ਦਿੱਤਾ ਸੀ, ਪਰ ਉਸ ਦੀ ਪੁਸ਼ਟੀ ਨਹੀਂ ਹੋ ਰਹੀ ਸੀ। ਅੱਜ ਰੰਧਾਵਾ ਨੇ ਟਵੀਟ ਕਰਕੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਅਰੂਸਾ ਦੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਨਾਲ ਕੁਨੈਕਸ਼ਨ ਦੀ ਜਾਂਚ ਦੇ ਆਦੇਸ਼ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਦੇ ਦਿੱਤੇ ਗਏ ਹਨ।
ਇਸ ਤੋਂ ਬਾਅਦ ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਰੰਧਾਵਾ ਨੂੰ ਹੀ ਕਟਹਿਰੇ ’ਚ ਖੜ੍ਹਾ ਕਰ ਕੇ ਸਵਾਲ ਪੁੱਛਿਆ ਕਿ ਰੰਧਾਵਾ ਕਿਸ ’ਤੇ ਉਂਗਲ ਉਠਾ ਰਹੇ ਹਨ। ਅਰੂਸਾ 16 ਸਾਲਾਂ ਤੋਂ ਆ ਰਹੀ ਹੈ ਅਤੇ ਉਸ ਸਮੇਂ ਕੇਂਦਰ ’ਚ ਕਾਂਗਰਸ ਗਠਜੋੜ ਦੀ ਸਰਕਾਰ ਸੀ। ਉਸ ਸਮੇਂ ਵੀ ਅਰੂਸਾ ਕੇਂਦਰ ਦੀ ਮਨਜ਼ੂਰੀ ਲੈਣ ਤੋਂ ਬਾਅਦ ਆਉਂਦੀ ਸੀ ਅਤੇ ਉਸ ਦੇ ਬਾਅਦ ਵੀ ਭਾਰਤ ਸਰਕਾਰ ਤੋਂ ਕਲੀਅਰੈਂਸ ਲੈਣ ਤੋਂ ਬਾਅਦ ਆਉਂਦੀ ਰਹੀ ਹੈ। ਰੰਧਾਵਾ ਆਪਣੀ ਹੀ ਕਾਂਗਰਸ ਸਰਕਾਰ ਦੇ ਫ਼ੈਸਲੇ ’ਤੇ ਉਂਗਲ ਉਠਾ ਰਹੇ ਹਨ ਜਾਂ ਫਿਰ ਮੌਜੂਦਾ ਕੇਂਦਰ ਸਰਕਾਰ ‘ਤੇ ਪਹਿਲਾਂ ਇਹ ਸਪੱਸ਼ਟ ਕਰਨ।
ਉਨ੍ਹਾਂ ਟਵੀਟ ’ਚ ਰੰਧਾਵਾ ਨੂੰ ਕਿਹਾ ਕਿ ਤਿਉਹਾਰਾਂ ਦੇ ਸਮੇਂ ਜਦੋਂ ਪੰਜਾਬ ਸਰਹੱਦ ਪਾਰੋਂ ਸੁਰੱਖਿਆ ਨੂੰ ਲੈ ਕੇ ਹਾਈ ਰਿਸਕ ’ਚ ਹੈ ਤਾਂ ਇਸ ਤਰ੍ਹਾਂ ਦੀ ਜਾਂਚ ’ਚ ਪੰਜਾਬ ਦੇ ਡੀਜੀਪੀ ਨੂੰ ਉਲਝਾ ਕੇ ਰੰਧਾਵਾ ਕੀ ਕਰਨਾ ਚਾਹੁੰਦੇ ਹਨ। ਉਨ੍ਹਾਂ ਬਰਗਾੜੀ ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ’ਤੇ ਅਜੇ ਤਕ ਡਿਪਟੀ ਸੀਐੱਮ ਅਤੇ ਨਵੀਂ ਸਰਕਾਰ ਬਣਨ ਤੋਂ ਬਾਅਦ ਕੀ ਕੀਤਾ, ਇਸ ਨੂੰ ਲੈ ਕੇ ਵੀ ਰੰਧਾਵਾ ’ਤੇ ਤਨਜ ਕਸਿਆ ਹੈ।
ਸੁਖਬੀਰ ਨੇ ਕੀਤੀ ਰੰਧਾਵਾ ਦੀ ਖਿਚਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਡਿਪਟੀ ਸੀਐੱਮ ਰੰਧਾਵਾ ਦੀ ਪੂਰੇ ਮਾਮਲੇ ਨੂੰ ਲੈ ਕੇ ਖਿਚਾਈ ਕਰਦੇ ਹੋਏ ਕਿਹਾ ਕਿ ਜਦੋਂ ਉਹ ਅਰੂਸਾ ਦੇ ਮਾਮਲੇ ਦੀ ਜਾਂਚ ਦੀ ਮੰਗ ਕਰਦੇ ਸਨ ਤਾਂ ਰੰਧਾਵਾ ਹੀ ਕੈਪਟਨ ਦੀ ਕੈਬਨਿਟ ’ਚ ਸਭ ਤੋਂ ਪਹਿਲਾਂ ਉਸ ਦਾ ਵਿਰੋਧ ਕਰਦੇ ਸਨ। ਹੁਣ ਡਿਪਟੀ ਸੀਐੱਮ ਬਣਨ ਤੋਂ ਬਾਅਦ ਅਚਾਨਕ ਰੰਧਾਵਾ ਨੂੰ ਅਰੂਸਾ ਦੇ ਆਈਐੱਸਆਈ ਕੁਨੈਕਸ਼ਨ ਦੀ ਯਾਦ ਕਿਵੇਂ ਆ ਗਈ। ਪਹਿਲਾਂ ਜਦੋਂ ਕੈਪਟਨ ਦੀ ਪਾਕਿਸਤਾਨੀ ਦੋਸਤ ਆਉਂਦੀ ਸੀ, ਤਾਂ ਰੰਧਾਵਾ ਵੀ ਪਾਰਟੀਆਂ ’ਚ ਸ਼ਾਮਲ ਹੁੰਦੇ ਸਨ। ਹੁਣ ਅਰੂਸਾ ਨੂੰ ਆਈਐੱਸਆਈ ਏਜੰਟ ਦੱਸਿਆ ਜਾ ਰਿਹਾ ਹੈ।
