ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਘਰੇਲੂ ਖੇਤਰ ਦੀ ਬਿਜਲੀ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਮਿਲੇਗੀ ਜਾਂ ਉਨ੍ਹਾਂ ਲਈ ਪਹਿਲੇ 300 ਯੂਨਿਟ ਬਿਜਲੀ ਮੁਫ਼ਤ ਹੋਵੇਗੀ, ਇਸ ’ਤੇ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ’ਚ ਫ਼ੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਸੂਬੇ ਦੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਪਹਿਲੀ ਨਵੰਬਰ ਨੂੰ ਵੱਡਾ ਤੋਹਫ਼ਾ ਦੇਣਗੇ ਪਰ ਤੋਹਫ਼ਾ ਕੀ ਹੋਵੇਗਾ, ਇਸ ਦੀ ਜਾਣਕਾਰੀ ਉਨ੍ਹਾਂ ਨੇ ਨਹੀਂ ਦਿੱਤੀ। ਹਾਲਾਂਕਿ ਇਸ ਏਜੰਡੇ ਨੂੰ ਗੁਪਤ ਰੱਖਿਆ ਗਿਆ ਹੈ ਅਤੇ ਐਤਵਾਰ ਰਾਤ ਤਕ ਕਿਸੇ ਮੰਤਰੀ ਕੋਲ ਏਜੰਡੇ ਦੀ ਕਾਪੀ ਤਕ ਨਹੀਂ ਸੀ ਆਈ।
ਉਧਰ ਭਰੋਸੇਯੋਗ ਸੂਤਰਾਂ ਅਨੁਸਾਰ ਸੋਮਵਾਰ ਨੂੰ ਕੈਬਨਿਟ ਦੀ ਮੀਟਿੰਗ ’ਚ ਬਿਜਲੀ ਦੀਆਂ ਦਰਾਂ ’ਚ ਕਟੌਤੀ ਦੇ ਏਜੰਡਾ ਲਿਆਂਦਾ ਜਾ ਰਿਹਾ ਹੈ। ਕਾਂਗਰਸ ਸਰਕਾਰ ਮਹਿੰਗੀ ਬਿਜਲੀ ਨੂੰ ਮੁੱਦਾ ਬਣਾਉਣ ਵਾਲੀਆਂ ਵਿਰੋਧੀ ਪਾਰਟੀਆਂ ਨੂੰ ਚੋਣਾਂ ਤੋਂ ਪਹਿਲਾਂ ਕਰਾਰਾ ਜਵਾਬ ਦੇਣਾ ਚਾਹੁੰਦੀ ਹੈ। ਹਾਲਾਂਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਮਹਿੰਗੀ ਬਿਜਲੀ ਲਈ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਬਿਜਲੀ ਖ਼ਰੀਦ ਸਮਝੌਤਿਆਂ ਨੂੰ ਵੱਡਾ ਕਾਰਨ ਦੱਸਿਆ ਸੀ। ਦਾਅਵਾ ਕੀਤਾ ਗਿਆ ਸੀ ਕਿ ਸੱਤਾ ’ਚ ਆਉਂਦਿਆਂ ਹੀ ਇਹ ਸਮਝੌਤੇ ਰੱਦ ਕੀਤੇ ਜਾਣਗੇ। ਹੁਣ ਸਰਕਾਰ ਨੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਨਾਲ ਸਮਝੌਤਾ ਰੱਦ ਕਰਨ ਦਾ ਨੋਟਿਸ ਵੀ ਦੇ ਦਿੱਤਾ ਹੈ।
ਕਾਬਿਲੇਗ਼ੌਰ ਹੈ ਕਿ ਸਸਤੀ ਬਿਜਲੀ ਦਾ ਏਜੰਡਾ ਮੁੱਖ ਮੰਤਰੀ ਚੰਨੀ ਦੀ ਅਗਵਾਈ ’ਚ ਹੋਈ ਪਹਿਲੀ ਕੈਬਨਿਟ ਮੀਟਿੰਗ ’ਚ ਲਿਆਂਦਾ ਗਿਆ ਸੀ ਪਰ ਉਦੋਂ ਇਸ ’ਤੇ ਸਹਿਮਤੀ ਨਾ ਬਣੀ ਤਾਂ ਚੰਨੀ ਨੇ ਸਾਰੇ ਮੰਤਰੀਆਂ ਤੋਂ ਸੁਝਾਅ ਮੰਗੇ ਸਨ। ਸੂਤਰਾਂ ਅਨੁਸਾਰ ਇਸ ਤੋਂ ਬਾਅਦ ਦੋ ਕੈਬਨਿਟ ਮੀਟਿੰਗਾਂ ’ਚ ਇਸ ਮੁੱਦੇ ’ਤੇ ਗ਼ੈਰ-ਰਸਮੀ ਰੂਪ ’ਚ ਚਰਚਾ ਵੀ ਹੋਈ। ਹੁਣ ਸਾਰੇ ਮੰਤਰੀਆਂ ਦੇ ਸੁਝਾਅ ਆ ਚੁੱਕੇ ਹਨ ਕੇ ਇਸ ’ਤੇ ਸੋਮਵਾਰ ਨੂੰ ਫ਼ੈਸਲਾ ਲਿਆ ਜਾਵੇਗਾ।
