ਜੇਐੱਨਐੱਨ, ਨਵੀਂ ਦਿੱਲੀ : ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਫਿਲਹਾਲ ਸਿਆਸਤ ਗਰਮ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਵਾਅਦਿਆਂ ਦੀ ਅਤੇ ਐਲਾਨਾਂ ਦੀ ਝੜੀ ਲਗਾ ਦਿੱਤੀ ਹੈ। ਇਸ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਗਾਇਆ ਹੈ ਕਿ ਪੰਜਾਬ ‘ਚ ਸਸਤੀ ਬਿਜਲੀ ਦਾ ਵਾਅਦਾ ਕਾਂਗਰਸ ਦਾ ਚੋਣ ਸਟੰਟ ਹੈ। ਬਿਜਲੀ ਦਰਾਂ ‘ਚ ਕਟੌਤੀ ਸਿਰਫ਼ 31 ਮਾਰਚ 2022 ਤਕ ਲਈ ਕੀਤੀ ਗਈ ਹੈ।
ਦਿੱਲੀ ਦੀ ਰਾਜੇਂਦਰ ਨਗਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਗਾਇਆ ਹੈ ਕਿ ਵਾਅਦੇ ਅਤੇ ਐਲਾਨ ਪੰਜਾਬ ਦੀ ਜਨਤਾ ਨੂੰ ਵਰਗਲਾਉਣ ਲਈ ਹਨ ਪਰ ਅਜਿਹਾ ਹੋਵੇਗਾ ਨਹੀਂ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਚਿਤਾਵਨੀ ਦਿੱਤੀ ਕਿ ਕਾਂਗਰਸ ਦੇ ਚੋਣ ਸਟੰਟ ‘ਚ ਪੰਜਾਬ ਦੀ ਜਨਤਾ ਜੇਕਰ ਫਸੀ ਤਾਂ 31 ਮਾਰਚ 2022 ਤੋਂ ਬਾਅਦ ਮੁੜ ਬਿਜਲੀ ਮਹਿੰਗੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਵਾਅਦਾ ਕੈਪਟਨ ਅਮਰਿੰਦਰ ਦੇ ਰੋਜ਼ਗਾਰ ਦੇ ਵਾਅਦੇ ਵਰਗਾ ਹੈ, ਇਸ ਵਿਚ ਕੋਈ ਅੰਤਰ ਨਹੀਂ ਹੈ। ਉਨ੍ਹਾਂ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਚੋਣ ਸਟੰਟ ਨਹੀਂ ਹੈ ਤਾਂ ਕਾਂਗਰਸ ਸ਼ਾਸਿਤ ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ ‘ਚ ਵੀ ਬਿਜਲੀ ਸਸਤੀ ਕਰ ਕੇ ਦਿਖਾਓ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਗਾਰੰਟੀ ਦੇਣ ਨਾਲ ਕਾਂਗਰਸ ਘਬਰਾ ਗਈ ਹੈ ਜਿਸ ਦੀ ਵਜ੍ਹਾ ਨਾਲ ਬਿਜਲੀ ਦੇ ਮੁੱਦੇ ‘ਤੇ ਲੋਕਾਂ ਨਾਲ ਝੂਠਾ ਵਾਅਦਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਹੁਤ ਤੇਜ਼ ਰਫ਼ਤਾਰ ਨਾਲ ਪੰਜਾਬ ‘ਚ ਅੱਗੇ ਵਧ ਰਹੀ ਹੈ। ਲੋਕਾਂ ਦੀ ਜ਼ੁਬਾਨ ‘ਤੇ ਇੱਕੋ ਨਾਂ ਹੈ ਕਿ ਪੰਜਾਬ ‘ਚ 2022 ਦੀਆਂ ਚੋਣਾਂ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਾਉਣੀ ਹੈ।
ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਸੂਬੇ ‘ਚ ਮੁਕੰਮਲ ਬਹੁਮਤ ਦੀ ਸਰਕਾਰ ਹੋਣ ਤੋਂ ਬਾਅਦ ਵੀ ਸਾਢੇ ਚਾਰ ਸਾਲ ਤਕ ਬਹੁਤ ਖਰਾਬ ਤਰੀਕੇ ਨਾਲ ਸਰਕਾਰ ਚਲਾਈ। ਪੰਜਾਬ ਦੇ ਲੋਕਾਂ ਨੂੰ ਸਾਢੇ ਚਾਰ ਸਾਲ ਤਕ ਪੂਰੇ ਭਾਰਤ ‘ਚ ਸਭ ਤੋਂ ਮਹਿੰਗੀ ਬਿਜਲੀ ਵੇਚ ਕੇ ਹੁਣ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਚੰਨੀ ਲੋਕਾਂ ਨੂੰ ਝੂਠੇ ਵਾਅਦੇ ਕਰ ਕੇ ਉਨ੍ਹਾਂ ਦੀਆਂ ਅੱਖਾਂ ‘ਚ ਧੂੜ ਝੋਂਕਣ ਦਾ ਕੰਮ ਕਰ ਰਹੇ ਹਨ।
