ਲੁਧਿਆਣਾ : ਦਾਜ ਦੇ ਲਾਲਚ ਵਿਚ ਆਪਣੀ ਪਤਨੀ ਨੂੰ ਤੰਗ ਕਰਨ ਤੇ ਉਸ ਨੂੰ ਬਿਨਾਂ ਤਲਾਕ ਦਿੱਤੇ ਧੋਖੇ ਨਾਲ ਦੂਜਾ ਵਿਆਹ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਵੱਖ-ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਧੋਖਾਦੇਹੀ ਕਰਨ ਦੇ ਦੋਸ਼ੀ ਪਤੀ ਪਰਵੀਨ ਯਾਦਵ ਸਮੇਤ ਸਹੁਰੇ ਰਣਜੀਤ ਯਾਦਵ ਅਤੇ ਸੱਸ ਸੀਤਾ ਦੇਵੀ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਮੁਤਾਬਿਕ ਉਕਤ ਮਾਮਲਾ ਸਥਾਨਕ ਰਾਜੀਵ ਗਾਂਧੀ ਕਾਲੋਨੀ ਦੀ ਰਹਿਣ ਵਾਲੀ ਅੰਜਲੀ ਨਾਮ ਦੀ ਔਰਤ ਦੇ ਬਿਆਨਾਂ ਉਪਰ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਅੰਜਲੀ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਪਰਵੀਨ ਯਾਦਵ ਨੇ ਉਸ ਨਾਲ ਅਲਾਹਾਬਾਦ ਦੇ ਮਹਾਦੇਵ ਮੰਦਿਰ ਵਿਚ ਪ੍ਰੇਮ ਵਿਆਹ ਕੀਤਾ ਸੀ। ਇਸ ਮਗਰੋਂ ਕੁਝ ਦਿਨ ਬਾਅਦ ਹੀ ਉਸ ਦਾ ਪਤੀ ਉਸ ਨੂੰ ਸ਼ੇਰਪੁਰ ਲੁਧਿਆਣਾ ਲੈ ਆਇਆ। ਪੀੜਤ ਮੁਤਾਬਕ ਇਸ ਵਿਆਹ ਤੋਂ ਉਸ ਦੇ ਇਕ ਬੇਟਾ ਅਤੇ ਇਕ ਬੇਟੀ ਹੈ।
ਅੰਜਲੀ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦਾ ਪਤੀ ਆਪਣੇ ਪੇਕੇ ਪਰਿਵਾਰ ਤੋਂ ਦਾਜ ਲਿਆਉਣ ਲਈ ਦਬਾਅ ਬਣਾਉਣ ਲੱਗ ਗਿਆ। ਅੰਜਲੀ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਰੀਬ ਛੇ ਮਹੀਨੇ ਪਹਿਲਾਂ ਉਸ ਦੇ ਪਤੀ ਨੇ ਉਸ ਨੂੰ ਪੇਕੇ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਜੇ ਉਹ ਦਾਜ ਦੇ 10 ਲੱਖ ਰੁਪਏ ਲੈ ਕੇ ਆਵੇਗੀ ਤਾਂ ਹੀ ਉਸ ਨੂੰ ਘਰ ਵਿਚ ਰੱਖੇਗਾ।
ਹਾਲ ਹੀ ਵਿਚ ਜਦ ਅੰਜਲੀ ਲੁਧਿਆਣਾ ਵਾਪਸ ਆਈ ਤਾਂ ਪਤਾ ਲੱਗਾ ਕਿ ਉਸ ਦੇ ਪਤੀ ਨੇ ਉਸ ਨੂੰ ਬਿਨਾਂ ਤਲਾਕ ਦਿੱਤੇ ਹੀ ਦੂਜਾ ਵਿਆਹ ਵੀ ਕਰਵਾ ਲਿਆ ਹੈ। ਉਨ੍ਹਾਂ ਇਹ ਮਾਮਲਾ ਥਾਣਾ ਫੋਕਲ ਪੁਆਇੰਟ ਪੁਲਿਸ ਦੇ ਧਿਆਨ ਵਿੱਚ ਲਿਆਂਦਾ, ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀਆਂ ਖਿਲਾਫ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ।
