ਲੁਧਿਆਣਾ : ਭੇਤਭਰੇ ਹਾਲਾਤਾਂ ਚ ਅੱਠਵੀਂ ਦੀ ਵਿਦਿਆਰਥਣ ਲਾਪਤਾ ਹੋ ਗਈ ।ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਉਪਰ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ । ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ 13 ਵਰ੍ਹਿਆਂ ਦੀ ਧੀ ਹਰ ਰੋਜ਼ ਵਾਂਗ 18 ਨਵੰਬਰ ਨੂੰ ਘਰ ਤੋਂ ਸਕੂਲ ਗਈ । ਸ਼ਾਮ ਤਕ ਵੀ ਜਦ ਲੜਕੀ ਘਰ ਵਾਪਸ ਨਾ ਪਰਤੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਕੂਲ ਵਿੱਚ ਸੰਪਰਕ ਕੀਤਾ । ਪਰਿਵਾਰਕ ਮੈਂਬਰਾਂ ਦੇ ਮੁਤਾਬਕ ਅਧਿਆਪਕਾਂ ਨੇ ਦੱਸਿਆ ਕਿ ਲੜਕੀ ਕੁਝ ਘੰਟੇ ਪਹਿਲਾਂ ਸਕੂਲ ਤੋਂ ਜਾ ਚੁੱਕੀ ਸੀ । ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਵਿਦਿਆਰਥਣ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ । ਪਰਿਵਾਰਕ ਮੈਂਬਰਾਂ ਨੂੰ ਖ਼ਦਸ਼ਾ ਹੈ ਕਿ ਲੜਕੀ ਨੂੰ ਅਣਪਛਾਤੇ ਮੁਲਜ਼ਮ ਨੇ ਅਗਵਾ ਕਰ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ । ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।
ਘਰ ਦੇ ਬਾਹਰੋਂ ਮੁਟਿਆਰ ਲਾਪਤਾ
ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਘਰ ਦੇ ਬਿਲਕੁਲ ਬਾਹਰੋਂ 18 ਵਰ੍ਹਿਆਂ ਦੀ ਮੁਟਿਆਰ ਲਾਪਤਾ ਹੋ ਗਈ । ਇਸ ਮਾਮਲੇ ਸਬੰਧੀ ਥਾਣਾ ਕੂੰਮਕਲਾਂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕੁਹਾੜਾ ਲੱਖੋਵਾਲ ਰੋਡ ਦੇ ਰਹਿਣ ਵਾਲੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ 18 ਨਵੰਬਰ ਨੂੰ ਬਿਨਾਂ ਕੁਝ ਦੱਸੇ ਕਿਧਰੇ ਚਲੀ ਗਈ । ਆਖਰੀ ਵਾਰ ਉਸ ਨੂੰ ਘਰ ਦੇ ਬਾਹਰ ਦੇਖਿਆ ਗਿਆ ਸੀ । ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਟਿਆਰ ਨੂੰ ਅਣਪਛਾਤੇ ਮੁਲਜ਼ਮਾਂ ਵੱਲੋਂ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ । ਇਸ ਮਾਮਲੇ ਵਿਚ ਵੀ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਐਫਆਈਆਰ ਦਰਜ ਕਰ ਕੇ ਮੁਟਿਆਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।
