ਤਰਨਤਾਰਨ : ਤਰਨਤਾਰਨ ਵਿਖੇ ਦਿਨ ਦਿਹਾੜੇ ਪਲਸਰ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਘਰ ਦੇ ਨੇੜੇ ਦੋਸਤਾਂ ਕੋਲ ਬੈਠੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ। ਪੀੜਤ ਨੂੰ ਗੰਭੀਰ ਹਾਲਤ ‘ਚ ਤਰਨਤਾਰਨ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਲਾਕੇ ਨਾਲ ਸਬੰਧ ਚੌਂਕੀ ਟਾਊਨ ਤੋਂ ਕੁਝ ਦੂਰੀ ‘ਤੇ ਵਾਪਰੇ ਗੋਲੀਕਾਂਡ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਧਰ ਮੌਕੇ ‘ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ‘ਤੇ ਇਲਾਕੇ ਦੋ ਲੋਕਾਂ ਵੱਲੋਂ ਇੱਟਾਂ ਰੋੜੇ ਮਾਰੇ ਗਏ, ਜਿਸਦੇ ਚੱਲਦਿਆਂ ਉਹ ਮੋਟਰਸਾਈਕਲ ਉਥੇ ਛੱਡ ਗਏ ਅਤੇ ਪਿਸਤੌਲ ਦੇ ਜ਼ੋਰ ‘ਤੇ ਸਕੂਟਰੀ ਖੋਹ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਜਾਣਕਾਰਾਂ ਦੇ ਕੋਲ ਉਨਾਂ੍ਹ ਦੇ ਘਰ ਦੇ ਬਾਹਰ ਹੀ ਬੈਠਾ ਹੋਇਆ ਸੀ। ਇਸੇ ਦੌਰਾਨ ਪਲਸਰ ਮੋਟਰਸਾਈਕਲ ‘ਤੇ ਸਵਾਰ ਦੋ ਲੋਕ ਆਏ ਜਿਨਾਂ੍ਹ ਨੇ ਉਸ ਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਫਿਰ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਤਾਬਕ ਗਗਨਦੀਪ ਸਿੰਘ ਦੀਆਂ ਲੱਤਾਂ ਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਤਿੰਨ ਗੋਲੀਆਂ ਲੱਗੀਆਂ ਹਨ। ਲਹੂ-ਲੁਹਾਣ ਹੋਇਆ ਉਕਤ ਨੌਜਵਾਨ ਜਾਨ ਬਚਾਉਣ ਲਈ ਕੋਲ ਹੀ ਬਣੇ ਇਕ ਕਮਰੇ ਵੱਲ ਭੱਜਾ। ਇਸ ਦੌਰਾਨ ਵਾਰਦਾਤ ਮਗਰੋਂ ਜਦੋਂ ਹਮਲਾਵਰ ਭੱਜੇ ਤਾਂ ਲੋਕਾਂ ਨੇ ਇੱਟਾਂ ਰੋੜੇ ਮਾਰੇ, ਜਿਸ ਦੇ ਚੱਲਦਿਆਂ ਉਨਾਂ੍ਹ ਦਾ ਮੋਟਰਸਾਈਕਲ ਘਟਨਾ ਸਥਾਨ ਤੋਂ ਕੁਝ ਦੂਰੀ ‘ਤੇ ਡਿੱਗ ਪਿਆ। ਉਹ ਮੁੱਖ ਸੜਕ ਤਕ ਪਹੁੰਚੇ ਅਤੇ ਬਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਵਲੀਪੁਰ, ਜੋ ਆਪਣੇ ਹੀ ਇਕ ਹੋਰ ਦੋਸਤ ਜੋਬਨਜੀਤ ਸਿੰਘ ਪੁੱਤਰ ਅੰਗਰੇਜ ਸਿੰਘ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਸੇਵਾ ਕਰਕੇ ਪਿੰਡ ਪਰਤ ਰਿਹਾ ਸੀ, ਕੋਲੋਂ ਸਕੂਟਰੀ ਨੰਬਰ ਪੀਬੀ02-6049 ਖੋਹ ਲਈ। ਬਲਜੀਤ ਸਿੰਘ ਨੇ ਦੱਸਿਆ ਕਿ ਉਨਾਂ੍ਹ ਨੂੰ ਧੱਕਾ ਮਾਰਨ ਉੁਪਰੰਤ ਦੋ ਮੁਲਜ਼ਮਾਂ ਨੇ ਪਿਸਤੌਲ ਉਨਾਂ੍ਹ ਦੇ ਉੱਪਰ ਤਾਣਦਿਆਂ ਸਕੂਟਰੀ ਖੋਹ ਲਈ ਤੇ ਵਲੀਪੁਰ ਪਿੰਡ ਵੱਲ ਨੂੰ ਫਰਾਰ ਹੋ ਗਏ। ਥਾਣਾ ਸਿਟੀ ਦੀ ਮੁਖੀ ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ‘ਤੇ ਦਵਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਤੇ ਪਰਮਦਲੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਾਜੀਕੋਟ ਖਿਲਾਫ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨਾਂ੍ਹ ਦੱਸਿਆ ਕਿ ਹਮਲੇ ਦਾ ਕਾਰਨਾਂ ਸਬੰਧੀ ਹਾਲੇ ਤਕ ਜਾਣਕਾਰੀ ਨਹੀਂ ਮਿਲ ਸਕੀ ਕਿਉਂਕਿ ਗਗਨਦੀਪ ਸਿੰਘ ਦੀ ਗੰਭੀਰ ਹਾਲਤ ਹੋਣ ਕਰਕੇ ਉਸ ਨੂੰ ਅੰਮਿ੍ਤਸਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਦਵਿੰਦਰ ਸਿੰਘ ਵਿਰੁੱਧ ਪਹਿਲਾਂ ਵੀ ਅੱਧਾ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ। ਡੀਐੱਸਪੀ ਸਬ ਡਵੀਜਨ ਤਰਨਤਾਰਨ ਨਾਲ ਗੱਲ ਕੀਤੀ ਤਾਂ ਉਨਾਂ੍ਹ ਨੇ ਕਿਹਾ ਕਿ ਹਮਲਾਵਰਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
