ਜਲੰਧਰ : ਥਾਣਾ ਮਕਸੂਦਾ ਅਧੀਨ ਪੈਂਦੇ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਾਰ ਡਰਾਈਵਰ ਕੋਲੋਂ ਡੋਲੀ ਵਾਲੀ ਕਾਰ ਲੁੱਟਣ ਸਬੰਧੀ ਪੰਜ ਦਿਨ ਬੀਤ ਜਾਣ ਦੇ ਬਾਅਦ ਪੁਲਿਸ ਦੇ ਹੱਥ ਖਾਲੀ ਹਨ। ਬਾਵਜੂਦ ਇਸ ਦੇ ਕਾਰ ਮਾਲਕ ਵੱਲੋਂ ਖੁਦ ਹੀ ਕਾਰ ਨੂੰ ਲੱਭਣ ਲਈ ਸੀਸੀਟੀਵੀ ਫੁਟੇਜ ਚੈੱਕ ਕਰ ਕੇ ਦੇਰ ਰਾਤ ਮੀਡੀਆ ਨੂੰ ਜਾਰੀ ਕਰਨ ਦੇ ਨਾਲ-ਨਾਲ ਪੁਲਿਸ ਨੂੰ ਸੌਂਪੀ ਹੈ।
ਕਾਰ ਮਾਲਕ ਦੀਪਕ ਵਾਸੀ ਪਿੰਡ ਹੁਸੈਨਪੁਰ ਨੇ ਦੱਸਿਆ ਕਿ ਉਸ ਨੇ 5 ਦਿਨਾਂ ਬਾਅਦ ਕਾਰ ਆਪਣੇ ਦੋਸਤਾਂ ਦੀ ਮਦਦ ਨਾਲ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਡੋਲੀ ਵਾਲੀ ਲੁੱਟੀ ਹੋਈ ਕਾਰ ਪਿੰਡ ਭੁਲੱਥ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਰਾਤ 10:30 ਵਜੇ ਉਸ ਕਾਰ ਉਥੋਂ ਲੰਘਦੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਕਾਰ ਲੁੱਟ ਦੇ ਮਾਮਲੇ ਸੁਲਝਾਉਣ ਲਈ ਪੁਲਿਸ ਨੇ ਡਿਪਸ ਸਕੂਲ ਦੇ ਸੁਰੱਖਿਆ ਗਾਰਡ ਪਲਵਿੰਦਰ ਕੋਲੋਂ ਪੁੱਛਗਿੱਛ ਕੀਤੀ ਸੀ ਜਿਸ ਸਬੰਧੀ ਉਸ ਨੇ ਆਪਣੇ ਖ਼ੁਦਕੁਸ਼ੀ ਨੋਟ ‘ਚ ਜ਼ਿਕਰ ਕੀਤਾ ਸੀ ਕਿ ਉਸ ਵੱਲੋਂ ਖ਼ੁਦਕੁਸ਼ੀ ਆਪਣੀ ਮੰਗੇਤਰ ਨੂੰ ਵਿਦੇਸ਼ ਭੇਜਣ ਤੋਂ ਬਾਅਦ ਵਿਦੇਸ਼ ਲਿਜਾਣ ਤੋਂ ਇਨਕਾਰ ਕਰਨ ਤੇ ਲੁੱਟ ਦੇ ਮਾਮਲੇ ‘ਚ ਉਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰਨ ਨੂੰ ਬਰਦਾਸ਼ਤ ਨਾ ਕਰਦਿਆਂ ਹੋਇਆਂ ਮਜਬੂਰ ਹੋਇਆ ਹੈ।ਕਾਰ ਮਾਲਕ ਦੀਪਕ ਨੇ ਦੱਸਿਆ ਕਿ ਉਸ ਦੀ ਈਟੀਓਸ ਕਾਰ ਨੂੰ ਦਵਿੰਦਰ ਚਲਾਉਂਦਾ ਸੀ ਜੋ 28 ਨਵੰਬਰ ਨੂੰ ਬਿਧੀਪੁਰ ਫਾਟਕ ਨੇੜੇ ਲੁੱਟ ਲਈ ਸੀ। ਇਸ ਮਾਮਲੇ ਵਿਚ ਥਾਣਾ ਮਕਸੂਦਾ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਉਸ ਦਾ ਕਹਿਣਾ ਹੈ ਕਿ ਤਫਤੀਸ਼ ਦੌਰਾਨ ਪੁਲਿਸ ਨੇ ਸੁਰੱਖਿਆ ਗਾਰਡ ਪਲਵਿੰਦਰ ਤੇ ਕਾਰ ਚਾਲਕ ਤੋਂ ਪੁੱਛਗਿੱਛ ਕਰਨ ਉਪਰੰਤ ਪਲਵਿੰਦਰ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਕਾਰ ਮਾਲਕ ਨੇ ਦੇਰ ਰਾਤ ਸੀਸੀਟੀਵੀ ਫੁਟੇਜ ਮਿਲਣ ‘ਤੇ ਸੋਸ਼ਲ ਨੈੱਟਵਰਕ ‘ਤੇ ਆਪਣੀ ਕਾਰ ਦਾ ਨੰਬਰ ਭੇਜ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਦੀ ਕਾਰ ਲੱਭਣ ‘ਚ ਮਦਦ ਕੀਤੀ ਜਾਵੇ।
