ਬਠਿੰਡਾ : ਬੁੱਧਵਾਰ ਦੇਰ ਸ਼ਾਮ ਗੋਨਿਆਣਾ ਮੰਡੀ ਦੇ ਜੈਤੋ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਕੈਂਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ ਤੇ ਹਾਦਸੇ ਦਾ ਕਾਰਨ ਬਣਿਆ ਕਾਰ ਚਾਲਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸਾ ਇੰਨਾਂ ਭਿਆਨਕ ਸੀ ਕਿ ਸੜਕ ‘ਤੇ ਖੜ੍ਹੇ ਕੈਂਟਰ ਚਾਲਕ ਦੇ ਸਰੀਰ ਦੇ ਕਈ ਹਿੱਸੇ ਵੱਖਰੇ ਹੋ ਗਏ। ਹਾਦਸੇ ਸਮੇਂ ਮੌਕੇ ‘ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਕਾਰ ਚਾਲਕ ਨੇ ਤੇਜ਼ ਰਫਤਾਰ ਕਾਰ ਕੈਂਟਰ ਦੇ ਪਿੱਛੇ ਖੜ੍ਹੇ ਡਰਾਈਵਰ ਵਿਚ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਕੈਂਟਰ ਬੁਰੀ ਤਰਾਂ੍ਹ ਨੁਕਸਾਨਿਆ ਗਿਆ। ਮਿ੍ਤਕ ਦੀ ਪਛਾਣ ਜਗਦੀਸ਼ ਸਿੰਘ ਵਾਸੀ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਉਕਤ ਵਿਅਕਤੀ ਗੈਸ ਪਾਈਪ ਲਾਈਨ ਪਾਉਣ ਵਾਲੀ ਗੁਜਰਾਤ ਦੀ ਕੰਪਨੀ ਵਿਚ ਬਤੌਰ ਡਰਾਈਵਰ ਕੰਮ ਕਰਦਾ ਸੀ। ਹਾਦਸੇ ਦੇ ਮੌਕੇ ਉਥੇ ਮੌਜੂਦ ਲੇਬਰ ਕੈਂਟਰ ‘ਚੋਂ ਪਾਈਪਾਂ ਉਤਾਰ ਰਿਹਾ ਸੀ ਤੇ ਜਗਦੀਸ਼ ਸਿੰਘ ਝੰਡੀ ਲੈ ਕੇ ਕੈਂਟਰ ਦੇ ਮਗਰ ਖੜ੍ਹਾ ਸੀ ਤਾਂ ਕਿ ਕੋਈ ਹਾਦਸਾ ਨਾ ਵਾਪਰ ਜਾਵੇ ਪਰ ਖ਼ੁਦ ਹਾਦਸੇ ਦਾ ਸ਼ਿਕਾਰ ਹੋ ਗਿਆ। ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਮਰਹੂਮ ਦੇ ਲੜਕੇ ਦੀ ਸ਼ਿਕਾਇਤ ‘ਤੇ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਰ ਚਾਲਕ ਸਥਾਨਕ ਸ਼ਹਿਰ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਹੈ। ਇਸ ਸਬੰਧੀ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਦੇ ਲੜਕੇ ਸ਼ਮਸ਼ੇਰ ਸਿੰਘ ਵਾਸੀ ਮੱਤਾ ਨੇ ਬਿਆਨ ਦਰਜ ਕਰਾਏ ਹਨ ਕਿ ਉਸ ਦਾ ਪਿਤਾ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਵਿਚ ਡਰਾਈਵਰ ਸੀ। ਬੁੱਧਵਾਰ ਦੇਰ ਸ਼ਾਮ ਉਹ ਜੈਤੋ ਰੋਡ ‘ਤੇ ਸਥਿਤ ਹੱਡਾ ਰੋੜੀ ਦੇ ਸਾਹਮਣੇ ਕੈਂਟਰ ਵਿਚੋਂ ਪਾਈਪਾਂ ਉਤਰਵਾ ਰਹੇ ਸਨ ਤੇ ਆਪ ਝੰਡੀ ਲੈ ਕੇ ਕੈਂਟਰ ਦੇ ਮਗਰ ਖੜ੍ਹੇ ਸਨ। ਇਸ ਦੌਰਾਨ ਗੋਨਿਆਣਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਉਸਦੇ ਪਿਤਾ ਨੂੰ ਕੁਚਲਦੀ ਹੋਈ ਕੈਂਟਰ ਦੇ ਪਿੱਛੇ ਜਾ ਵੱਜੀ, ਇਸ ਕਾਰਨ ਉਸ ਦੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ‘ਤੇ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉੱਥੋਂ ਦਾ ਮੰਜ਼ਰ ਬਹੁਤ ਹੀ ਭਿਆਨਕ ਸੀ।ਜ਼ਖ਼ਮੀ ਕਾਰ ਚਾਲਕ ਨੂੰ ਨੌਜਵਾਨ ਵੈੱਲਫੇਅਰ ਸੁਸਾਇਟੀ ਦੀ ਮਦਦ ਨਾਲ ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਕ ਨਿਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਮੇਸ਼ਰ ਸਿੰਘ ਦੇ ਬਿਆਨਾਂ ‘ਤੇ ਕਾਰ ਚਾਲਕ ਪੰਕਜ ਵਾਸੀ ਜੈਤੋ ਮੰਡੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰਾਂ੍ਹ ਥਾਣਾ ਸਦਰ ਦੇ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਸ਼ੇਰਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਅਤੇ ਉਸ ਦਾ ਸਾਥੀ ਚਮਕੌਰ ਸਿੰਘ ਮੋਟਰਸਾਈਕਲ ‘ਤੇ ਪਿੰਡ ਦੁੱਨੇਵਾਲਾ ਕੋਲ ਜਾ ਰਹੇ ਸਨ। ਇਸ ਦੌਰਾਨ ਜਸਪ੍ਰਰੀਤ ਸਿੰਘ ਵਾਸੀ ਦੁੱਨੇਵਾਲਾ ਨੇ ਲਾਪ੍ਰਵਾਹੀ ਵਰਤਦਿਆਂ ਤੇਜ਼ ਰਫ਼ਤਾਰ ਟ੍ਰੈਕਟਰ, ਮੋਟਰਸਾਈਕਲ ਵਿਚ ਮਾਰਿਆ, ਜਿਸ ਕਾਰਨ ਉਨਾਂ੍ਹ ਦੇ ਸੱਟਾਂ ਵੱਜੀਆਂ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ‘ਤੇ ਕਥਿਤ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
