ਬਰਨਾਲਾ : ਜ਼ਿਲ੍ਹਾ ਬਰਨਾਲਾ ਦੀਆਂ ਵਿਦਿਆਰਥਣਾਂ ਦੀ ਸੁਰੱਖਿਆ ਲਈ ਬਰਨਾਲਾ ਪੁਲਿਸ ਜਿੱਥੇ ਚਿੰਤਿਤ ਨਹੀ ਹੈ, ਉੱਥੇ ਹੀ ਇਕ ਸਕੂਲੀ ਬੱਸ ਦੇ ਚਾਲਕ ਵਲੋਂ ਵਿਦਿਆਰਥਣਾਂ ਦੀ ਸੁਰੱਖਿਆ ਬਹਾਲ ਰੱਖਣ ਦੇ ਯਤਨ ਖ਼ਿਲਾਫ਼ ਕੁਝ ਨੌਜਵਾਨਾਂ ਨੇ ਮਾਰੂ ਹਥਿਆਰਾਂ ਨਾਲ ਤਪਾ ਮੰਡੀ ਦੇ ਇਲਾਕੇ ’ਚ ਜਿੱਥੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤਾ ਹੈ, ਉੱਥੇ ਹੀ ਲੜਕੀਆਂ ਦੀ ਸੁਰੱਖਿਆ ਪ੍ਰਤੀ ਬਰਨਾਲਾ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਚਿੰਨ੍ਹ ਲੱਗੇ ਹਨ।
ਹੋਇਆ ਇੰਝ ਕਿ ਬਰਨਾਲਾ ਦੇ ਇਕ ਨਿੱਜੀ ਸਕੂਲ ਬੱਸ ਦਾ ਚਾਲਕ ਰੋਜ਼ਾਨਾ ਵਾਂਗ ਸਕੂਲ ’ਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਤਪਾ ਮੰਡੀ ਦੇ ਆਸ-ਪਾਸ ਖੇਤਰ ’ਚ ਘਰੋਂ ਸਕੂਲ ਤੇ ਸਕੂਲੋਂ ਘਰ ਛੱਡਣ ਦੀ ਜ਼ਿੰਮੇਵਾਰੀ ਤਹਿਤ ਜਦ ਬੀਤੀ 7 ਦਸੰਬਰ ਦਿਨ ਮੰਗਲਵਾਰ ਨੂੰ ਤਪਾ ਢਿੱਲਵਾਂ ਰੋਡ ’ਤੇ ਬਣੀ ਡਰੇਨ ਨੇੜੇ ਪੁੱਜਾ ਤਾਂ ਹਮਲਾਵਰਾਂ ਨੇ ਵਿਦਿਆਰਥਣਾਂ ਨਾਲ ਛੇੜਖਾਣੀ ਤੋਂ ਰੋਜ਼ਾਨਾ ਰੋਕਣ ਵਾਲੇ ਚਾਲਕ ਨੂੰ ਬੱਸ ਤੋਂ ਉਤਾਰ ਕੇ ਅਜਿਹੀ ਮਾਰਕੁੱਟ ਕੀਤੀ ਕਿ ਉਹ ਨਿੱਜੀ ਬੱਸ ਦਾ ਚਾਲਕ ਭਾਵੇਂ ਆਪਣੀ ਜਾਨ ਬਚਾਉਣ ਤਾਂ ਸਫ਼ਲ ਹੋ ਗਿਆ ਪਰ ਨੌਜਵਾਨਾਂ ਦੀ ਕੁੱਟ ਦਾ ਅਜਿਹਾ ਸ਼ਿਕਾਰ ਹੋਇਆ ਕਿ ਉਸ ਦੇ ਵਾਰਸਾਂ ਵਲੋਂ ਉਸਨੂੰ ਸਿਵਲ ਹਸਪਤਾਲ ਤਪਾ ਵਿਖੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ। ਹੈਰਾਨੀ ਦੀ ਗੱਲ ਹੈ ਕਿ 7 ਦਸੰਬਰ ਨੂੰ ਤਪਾ ਮੰਡੀ ਦੀ ਅਨਾਜ ਮੰਡੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰੈਲੀ ਕਾਰਨ ਪੂਰੇ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਉਸ ਘਟਨਾ ਵਾਲੇ ਇਲਾਕੇ ‘ਚ ਹੀ ਤਾਇਨਾਤ ਸੀ, ਫ਼ਿਰ ਵੀ ਹਮਲਾਵਰਾਂ ਦੇ ਹੌਂਸਲੇ ਦੇਖੋ ਕਿ ਉਨ੍ਹਾਂ ਸੈਂਕੜੇ ਪੁਲਿਸ ਮੁਲਾਜ਼ਮਾਂ ਦੇ ਪਹਿਰੇ ਵਾਲੇ ਦਿਨ ਵੀ ਵਿਦਿਆਰਥਣਾਂ ਦੀ ਸੁਰੱਖਿਆ ਕਰ ਰਹੇ ਇਕ ਬੱਸ ਡਰਾਇਵਰ ਨੂੰ ਆਪਣੀ ਕੁੱਟ ਦਾ ਨਿਸ਼ਾਨਾ ਬਣਾਇਆ। ਪੁਲਿਸ ਵਲੋਂ ਮੌਕੇ ’ਤੇ ਕਾਰਵਾਈ ਕਰਨ ਦੀ ਬਜਾਏ 2 ਦਿਨਾਂ ਦੀ ਜਾਂਚ ਪੜਤਾਲ ਉਪਰੰਤ ਦਰਜ ਕੀਤੇ ਮਾਮਲੇ ’ਚ ਵੀ ਇਹ ਤਸਦੀਕ ਕੀਤਾ ਹੈ ਕਿ ਹਮਲਾਵਰ ਸਕੂਲੀ ਵਿਦਿਆਰਥਣਾਂ ਨਾਲ ਛੇੜਖਾਣੀ ਕਰਦੇ ਸਨ, ਜਿਸਦਾ ਉਨ੍ਹਾਂ ਦੀ ਬੱਸ ਦਾ ਡਰਾਇਵਰ ਗੁਰਲਾਲ ਸਿੰਘ ਵਾਸੀ ਦਰਾਕਾ ਵਿਰੋਧ ਕਰਦਾ ਹੋਇਆ ਲੜਕੀਆਂ ਦੀ ਸੁਰੱਖਿਆ ਬਹਾਲ ਰੱਖ ਨੌਜਵਾਨਾਂ ਨਾਲ ਰੋਜ਼ ਖਹਿਬੜਦਾ ਸੀ, ਪਰ ਪੁਲਿਸ ਵਲੋਂ ਸਕੂਲ ਦੇ ਸਵੇਰੇ ਲੱਗਣ ਸਮੇਂ ਤੇ ਸ਼ਾਮ ਨੂੰ ਛੁੱਟੀ ਹੋਣ ਸਮੇਂ ਵਿਦਿਆਰਥਣਾਂ ਦੀ ਸੁਰੱਖਿਆ ਲਈ ਕੋਈ ਵੀ ਉੱਕਾ ਪ੍ਰਬੰਧ ਨਹੀ ਹੈ। ਜਦਕਿ ਬਰਨਾਲਾ ਜ਼ਿਲ੍ਹੇ ਦੇ ਪੁਲਿਸ ਮੁਖੀ ਤੋਂ ਲੈਕੇ ਹੋਰ ਕਈ ਆਲਾ ਅਹੁਦਿਆਂ ’ਤੇ ਮਹਿਲਾ ਪੁਲਿਸ ਅਧਿਕਾਰੀ ਤਾਇਨਾਤ ਹਨ।
ਇਰਾਦਾ ਕਤਲ ਦਾ ਮਾਮਲਾ ਕੀਤਾ ਦਰਜ : ਐੱਸਐੱਚਓ ਤਪਾ

ਤਪਾ ਥਾਣਾ ਮੁਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਇਸ ਮਾਮਲੇ ਸਬੰਧੀ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਆਈਪੀਐੱਸ ਦੇ ਹੁਕਮਾਂ ’ਤੇ ਸਕੂਲ ਬੱਸ ਦੇ ਡਰਾਇਵਰ ਨਾਲ ਹੋਈ ਬੁਰੀ ਤਰ੍ਹਾਂ ਮਾਰਕੁੱਟ ਦੇ ਮਾਮਲੇ ’ਚ ਇਰਾਦਾ ਏ ਕਤਲ ਦਾ ਮਾਮਲਾ ਦਰਜ ਕਰਕੇ ਬਲਕਾਰ ਸਿੰਘ ਉਰਫ਼ ਵਿੱਕੀ ਵਾਸੀ ਦਰਾਜ, ਲਵਪ੍ਰੀਤ ਸਿੰਘ ਉਰਫ਼ ਲਾਭ, ਮਨਦੀਪ ਸਿੰਘ ਵਾਸੀ ਢਿੱਲਵਾਂ ਤੇ 3\4 ਹੋਰ ਅਣਪਛਾਤਿਆਂ ਨੂੰ ਨਾਮਜਦ ਕਰਕੇ ਹਮਲਾਵਰਾਂ ’ਚੋਂ ਜਿੱਥੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਊੱਥੇ ਹੀ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਤੇ ਜਲਦ ਹੀ ਬਾਕੀ ਰਹਿੰਦੇ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਏ ਜਾਣਗੇ।
ਲੜਕੀਆਂ ਦੀ ਸੁਰੱਖਿਆ ਸਾਡਾ ਮੁੱਢਲਾ ਫ਼ਰਜ : ਐੱਸਐੱਸਪੀ

ਸਕੂਲੀ ਵਿਦਿਆਰਥਣਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਨੌਜਵਾਨਾਂ ਨੂੰ ਰੋਕਣ ਤਹਿਤ ਹੋਈ ਬੱਸ ਡਰਾਇਵਰ ਦੀ ਮਾਰਕੁੱਟ ’ਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਗੰਭੀਰ ਨੋਟਿਸ ਲੈਂਦਿਆਂ ਜਿੱਥੇ ਸਬ ਡਵੀਜ਼ਨ ਤਪਾ ਦੇ ਉਪ ਕਪਤਾਨ ਪੁਲਿਸ ਬਲਜੀਤ ਸਿੰਘ ਬਰਾੜ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਨੂੰ ਇਰਾਦਾ ਏ ਕਤਲ ਦਾ ਮਾਮਲਾ ਦਰਜ ਕਰਕੇ ਲੜਕੀਆਂ ਦੀ ਸੁਰੱਖਿਆ ਤੋੜਣ ਵਾਲਿਆਂ ਖ਼ਿਲਾਫ਼ ਸਖ਼ਤ ਹੁਕਮ ਜਾਰੀ ਕੀਤੇ, ਉੱਥੇ ਹੀ ਉਨ੍ਹਾਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਉਨ੍ਹਾ ਦਾ ਮੁੱਢਲਾ ਫ਼ਰਜ ਹੈ। ਜ਼ਿਲ੍ਹਾ ਬਰਨਾਲਾ ’ਚ ਉਹ ਲੜਕੀਆਂ ਨੂੰ ਛੇੜਛਾੜ ਜਾਂ ਔਰਤਾਂ ’ਤੇ ਅੱਤਿਆਚਾਰ ਬਰਦਾਸ਼ਤ ਨਹੀ ਕਰਨਗੇ। ਅਜਿਹਾ ਕਰਨ ਵਾਲਿਆਂ ’ਤੇ ਤੁਰੰਤ ਸਖ਼ਤ ਕਾਰਵਾਈ ਹੋਵੇਗੀ।
