ਐੱਸਏਐੱਸ ਨਗਰ : ਮੋਹਾਲੀ ’ਚ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਇਤਿਹਾਸ ਦੀ ਕੁੰਜੀ/ਗਾਈਡ ਵਿਰੁੱਧ ਰੋਸ ਦੀ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ। ਜਥੇਬੰਦੀਆਂ ਨੇ ਹੁਣ ਦੋ ਹੋਰ ਕੁੰਜੀਆਂ ਬੋਰਡ ਨੂੰ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ ਜਿਨ੍ਹਾਂ ਵਿਚ ਸਿੱਖ ਇਤਿਹਾਸ ਤੇ ਗੁਰਬਾਣੀ ਦੀਆਂ ਤੁਕਾਂ ’ਚ ਅਸਪੱਸ਼ਟਤਾ ਤੇ ਵਿਵਾਦਤ ਤੱਥ ਪੇਸ਼ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਸਿੱਖ ਇਤਿਹਾਸ ਦੀ ਇਕ ਕਿਤਾਬ ਬਾਰੇ ਪਹਿਲਾਂ ਹੀ ਕਮੇਟੀ ਜਾਂਚ ਕਰ ਰਹੀ ਹੈ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਜਾ ਰਹੀ ਕਾਰਵਾਈ ’ਚ ਦੇਰੀ ਤੋਂ ਖਫ਼ਾ ਹੋ ਕੇ 28 ਫਰਵਰੀ ਨੂੰ ਦੁਬਾਰਾ ਵੱਡੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਬੋਰਡ ਦੇ ਸਾਹਮਣੇ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਰੋਸ ਧਰਨਾ 15ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਤੇ ਕਾਰਵਾਈ ’ਚ ਦੇਰੀ ਨੂੰ ਭਾਂਪਦਿਆਂ ਧਰਨਾਕਾਰੀਆਂ ਨੇ ਪੰਜਾਬ ਤੋਂ ਹੋਰਨਾਂ ਸਿੱਖ ਸੰਗਤਾਂ ਨੂੰ ਵੱਡੇ ਇਕੱਠ ’ਚ ਇੱਥੇ ਪੁੱਜਣ ਦੀ ਅਪੀਲ ਕਰ ਦਿੱਤੀ ਹੈ।
ਗੁਰੂ ਸਾਹਿਬਾਨ ਬਾਰੇ ਅਸੱਭਿਅਕ ਭਾਸ਼ਾ ’ਚ ਟਿੱਪਣੀਆਂ
ਦੱਸਣਯੋਗ ਹੈ ਕਿ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਪੰਜਾਬ ਦਾ ਇਤਿਹਾਸ ਵਿਸ਼ੇ ਦੀ ਕੁੰਜੀ ’ਚ ਗੁਰੂ ਨਾਨਕ ਦੇਵ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੁਝ ਅਜਿਹੀਆਂ ਟਿੱਪਣੀਆਂ ਮਿਲਦੀਆਂ ਹਨ ਜਿਨ੍ਹਾਂ ਨੂੰ ਸਿੱਖ ਚਿੰਤਕਾਂ ਨੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਇਤਿਹਾਸ ਨੂੰ ਤੋਡ਼-ਮਰੋਡ਼ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ। ਬਾਰ੍ਹਵੀਂ ਜਮਾਤ ਦੀ ਇਸ ਕੁੰਜੀ ਦੇ ਪੰਨਾ ਨੰਬਰ 53, 54 ’ਤੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ (ਧਰਮ ਦਾ ਨਾਂਅ ਹੈ ਜਿਸ ਨੂੰ ਗੁਪਤ ਰੱਖਿਆ ਜਾ ਰਿਹਾ ਹੈ) ਰੀਤੀ ਰਿਵਾਜ਼ਾਂ ਦਾ ਵਿਰੋਧ ਨਹੀਂ ਕੀਤਾ ਤੇ ਨਾ ਹੀ ਉਨ੍ਹਾਂ ਨੇ ਨਵਾਂ (ਵੱਖਰਾ) ਧਰਮ ਚਲਾਇਆ ਹੈ। ਬਲਦੇਵ ਸਿੰਘ ਸਿਰਸਾ ਤੇ ਹੋਰਨਾ ਸਿੱਖ ਚਿੰਤਕਾਂ ਨੇ ਇਸ ਗੱਲ ’ਤੇ ਗੰਭੀਰ ਇਤਰਾਜ਼ ਕੀਤਾ ਹੈ। ਇਹੀ ਨਹੀਂ ਇਸੇ ਕੁੰਜੀ ਦੇ ਪੰਨਾਂ ਨੰਬਰ 113 ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸਿੱਖ ਗੁਰੂਆਂ ਤੇ ਪੁਰਾਤਨ ਸਿੱਖਾਂ ਬਾਰੇ ਅਜਿਹੀਆਂ ਟਿੱਪਣੀਆਂ ਨੂੰ ਨਸ਼ਰ ਕਰਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਲੇਖਕ ਤੇ ਪਬਲਿਸ਼ਰ ’ਤੇ ਕਾਨੂੰਨੀ ਕਾਰਵਾਈ ਤੇ ਇਸ ਮਾਮਲੇ ’ਚ ਸ਼ਮੂਲੀਅਤ ਵਾਲੇ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਰੱਖੀ ਹੋਈ ਹੈ।
ਬੋਰਡ ਨੇ ਕਿਸੇ ਸਮੇਂ ਪਡ਼੍ਹਾਉਣ ਦੀ ਕੀਤੀ ਸੀ ਸਿਫ਼ਾਰਾਸ਼
ਕਾਬਲੇਗ਼ੌਰ ਹੈ ਕਿ ਜਿਹਡ਼ੀਆਂ ਪੁਸਤਕਾਂ ਦਾ ਵੇਰਵਾ ਬਲਦੇਵ ਸਿੰਘ ਸਿਰਸਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਦਿੱਤਾ ਹੈ ਉਨ੍ਹਾਂ ਵਿਚੋਂ ਦੋ ਕੁੰਜੀਆਂ ਕਿਸੇ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਡ਼੍ਹਾਉਣ ਦੀ ਸਿਫ਼ਾਰਸ਼ ਕੀਤੀ ਸੀ। ਕਿਉਂਕਿ ਇਹ ਨਿੱਜੀ ਪਬਲਿਸ਼ਰ ਵੱਲੋਂ ਤਿਆਰ ਕੀਤੀ ਕੁੰਜੀ ਹੈ ਤੇ ਸਾਲ 2017 ’ਚ ਤਤਕਾਲੀ ਚੇਅਰਮੈਨ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਿੱਜੀ ਪਬਲਿਸ਼ਰਾਂ ਵੱਲੋਂ ਤਿਆਰ ਕੀਤੀਆਂ ਸਾਰੀਆਂ ਕੁੰਜੀਆਂ/ਕਿਤਾਬਾਂ ਨੂੰ ਸਕੂਲਾਂ ’ਚ ਪਡ਼੍ਹਾਉਣ ਵਾਲੀ ਮਨਜ਼ੂਰੀ ਖ਼ਾਰਜ ਕਰ ਦਿੱਤੀ ਸੀ। ਇਸ ਲਈ ਹੁਣ ਪਿਛਲੇ ਚਾਰ ਸਾਲਾਂ ਤੋਂ ਨਿੱਜੀ ਪਬਲਿਸ਼ਰਾਂ ਦੀਆਂ ਕਿਤਾਬਾਂ ਨੂੰ ਨਾ ਤਾਂ ਬੋਰਡ ਨੇ ਪ੍ਰਵਾਨਗੀ ਦਿੱਤੀ ਤੇ ਨਾ ਹੀ ਸਰਕਾਰ ਨੇ ਅਜਿਹਾ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ।
22 ਤੋਂ ਵੱਧ ਲੋਕਾਂ ਖ਼ਿਲਾਫ਼ ਕਾਰਵਾਈ ਦੀ ਤਿਆਰੀ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਥੇਬੰਦੀਆਂ ਦੀ ਸ਼ਿਕਾਇਤ ’ਤੇ 22 ਤੋਂ ਵੱਧ ਲੋਕਾਂ ਨੂੰ ਕਾਰਵਾਈ ਦਾ ਹਿੱਸਾ ਬਣਾਇਆ ਹੈ। ਇਸ ਵਿਚ 16 ਤੋਂ ਵੱਧ ਮੁਲਾਜ਼ਮ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਿੱਖਿਆ ਵਿਭਾਗ ਨਾਲ ਸਬੰਧਤ ਹਨ। ਅਸੀਂ ਇਕ ਕਮੇਟੀ ਵੀ ਬਣਾਈ ਹੈ ਜਿਸ ਕੋਲ ਸਬੰਧਤ ਮੁਲਾਜ਼ਮ ਆਪਣੇ ਬਿਆਨ ਦਰਜ ਕਰਵਾ ਰਹੇ ਹਨ ਤੇ ਕਮੇਟੀ ਦੀ ਰਿਪੋਰਟ ਤੋਂ ਬਾਅਦ ਇਸ ਮਾਮਲੇ ’ਚ ਜਿਨੀਂ ਕਿਸੇ ਦੀ ਸ਼ਮੂਲੀਅਤ ਹੋਵੇਗੀ ਕਾਰਵਾਈ ਕੀਤੀ ਜਾਵੇਗੀ। ਜਥੇਬੰਦੀਆਂ ਨੇ ਪਹਿਲਾਂ ਇਕ ਕੁੰਜੀ ਦਿੱਤੀ ਸੀ ਜਿਸ ਦੀ ਜਾਂਚ ਇਤਿਹਾਸਕਾਰ, ਭਾਸ਼ਾ ਮਾਹਿਰ ਤੇ ਸਿੱਖ ਵਿਦਵਾਨ ਕਰ ਰਹੇ ਹਨ ਹੁਣ ਦੋ ਹੋਰ ਕੁੰਜੀਆਂ ’ਤੇ ਇਤਰਾਜ਼ ਕੀਤਾ ਹੈ ਜਿਨ੍ਹਾਂ ਵਿਚੋਂ ਇਕ ਕੁੰਜੀ ਕਦੇ ਵੀ ਬੋਰਡ ਨੇ ਪ੍ਰਵਾਨ ਨਹੀਂ ਕੀਤੀ ਅਤੇ ਨਾ ਹੀ ਸਕੂਲਾਂ ਨੂੰ ਪਡ਼੍ਹਾਉਣ ਬਾਰੇ ਸਿਫ਼ਾਰਸ਼ ਕੀਤੀ ਹੈ। ਹਾਲਾਂਕਿ ਦੋ ਕੁੰਜੀਆਂ ਕਦੋਂ ਤੇ ਕਿਸ ਨੇ ਪ੍ਰਵਾਨ ਕੀਤੀਆਂ ਸਨ ਇਸ ਬਾਰੇ ਕਮੇਟੀ ਰਿਪੋਰਟ ਪੇਸ਼ ਕਰੇਗੀ। ਸਾਲ 2017 ਤੋਂ ਬਾਅਦ ਸਿੱਖਿਆ ਬੋਰਡ ਆਪਣੀਆਂ ਕਿਤਾਬਾਂ ਹੀ ਵਿਦਿਆਰਥੀਆਂ ਨੂੰ ਪਡ਼੍ਹਾ ਰਿਹਾ ਹੈ ਇਸ ਲਈ ਇਨ੍ਹਾਂ ਕੁੰਜੀਆਂ ਦੇ ਪਬਲਿਸ਼ਰਾਂ ਤੇ ਲੇਖਕਾਂ ਵੱਲੋਂ ਨਸ਼ਰ ਕੀਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। –ਡਾ. ਯੋਗਰਾਜ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ।
ਇਤਿਹਾਸ ਦੀ ਕਿਤਾਬ, ਉਨ੍ਹਾਂ ਦੇ ਪਬਲਿਸ਼ਰਾਂ ਤੇ ਲੇਖਕਾਂ ਦੇ ਨਾਂਅ ਕਿਤਾਬਾਂ ’ਚ ਦੱਸੇ ਵਿਵਾਦਤ ਤੱਥਾਂ ਸਮੇਤ ਬੋਰਡ ਨੂੰ ਪੇਸ਼ ਕੀਤੇ ਹਨ। ਦੋ ਕਿਤਾਬਾਂ ਹੋਰ 25 ਫਰਵਰੀ ਨੂੰ ਬੋਰਡ ਨੂੰ ਦੇਵਾਂਗੇ ਜਿਨ੍ਹਾਂ ਵਿਚ ਤੱਥ ਬਿਲਕੁਲ ਸਹੀ ਨਹੀਂ ਹਨ। ਹਾਲਾਂਕਿ ਪਹਿਲਾਂ ਦਿੱਤੀਆਂ ਸ਼ਿਕਾਇਤਾਂ ’ਤੇ ਕਿਤਾਬਾਂ ’ਚ ਟਿੱਪਣੀਆਂ ਤੇ ਭਾਸ਼ਾ ਨੂੰ ਪਡ਼੍ਹ ਕੇ ਹਰੇਕ ਵਿਅਕਤੀ ਵਿਸ਼ੇਸ਼ ਨੂੰ ਕਾਰਵਾਈ ਦਾ ਇਲਮ ਹੋਣਾ ਚਾਹੀਦਾ ਸੀ ਪਰ ਬੋਰਡ ਨੇ ਇਸ ਬਾਰੇ ਕਮੇਟੀ ਬਣਾ ਕੇ ਮਾਮਲਾ ਠੰਢੇ ਬਸਤੇ ’ਚ ਪਾ ਦਿੱਤਾ ਹੈ। ਬੋਰਡ ਨੇ ਕਿਸੇ ਸਮੇਂ ਇਨ੍ਹਾਂ ਕਿਤਾਬਾਂ ਨੂੰ ਪਡ਼੍ਹਾਉਣ ’ਤੇ ਤੱਥਾਂ ਨੂੰ ਕਿਵੇਂ ਪ੍ਰਵਾਨ ਕਰ ਲਿਆ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਬੰਧਤਾਂ ’ਤੇ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਹੋਣੀ ਚਾਹੀਦੀ ਹੈ। ਅਸੀਂ ਇਸ ਮਾਮਲੇ ’ਤੇ 28 ਫਰਵਰੀ ਨੂੰ ਵੱਡਾ ਇਕੱਠ ਸੱਦਿਆ ਹੈ ਤੇ ਰੈਲੀ ਵੀ ਕੀਤੀ ਜਾਵੇਗੀ। -ਬਲਦੇਵ ਸਿੰਘ ਸਿਰਸਾ, ਸਿੱਖ ਆਗੂ
