ਮੱਲੀਆਂ ਕਲਾਂ : ਅੱਜ ਸ਼ਾਮ ਸਵਾ ਛੇ ਵਜੇ ਦੇ ਕਰੀਬ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪਿੰਡ ਮੱਲੀਆਂ ਖੁਰਦ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਛਾਬੜਾ ਹਸਪਤਾਲ ਨਕੋਦਰ ਵਿਖੇ ਲਿਜਾਇਆ ਗਿਆ ਜਿੱਥੇ ਇਸ ਖਿਡਾਰੀ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਗੋਲੀਆਂ ਲੱਗਣ ਨਾਲ ਫੱਟੜ ਹੋਏ ਹਨ ।
ਇਸ ਘਟਨਾ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਮੱਲੀਆਂ ਖੁਰਦ ਵਿਖੇ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ ਇਸ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਜੋ ਆਪਣੀ ਟੀਮ ਲੈ ਕੇ ਇੱਥੇ ਪੁੱਜਾ ਹੋਇਆ ਸੀ ਅਤੇ ਆਪਣਾ ਸਟੇਜ ਤੋਂ ਸਨਮਾਨ ਲੈ ਕੇ ਜਦੋਂ ਆਪਣੇ ਸਾਥੀਆਂ ਨਾਲ ਸੜਕ ‘ਤੇ ਪੁੱਜਾ ਤਾਂ ਪਹਿਲਾਂ ਤੋਂ ਹੀ ਮੌਜੂਦ ਖੜ੍ਹੇ ਚਾਰ ਅਣਪਛਾਤੇ ਵਿਅਕਤੀਆਂ ਨੇ ਪਿਸਤੌਲਾਂ ਨਾਲ ਗੋਲੀਆਂ ਦੀ ਵਾਛੜ ਕਰ ਦਿੱਤੀ ਜੋ ਕਿ ਕਬੱਡੀ ਖਿਡਾਰੀ ਸੰਦੀਪ ਦੇ ਸਿਰ ਵਿੱਚ ਲੱਗੀਆਂ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਇਸ ਦੇ ਨਾਲ ਹੀ ਇਕ ਵਿਅਕਤੀ ਜਤਿਨ ਪੁੱਤਰ ਪ੍ਰੇਮ ਸਿੰਘ ਵਾਸੀ ਮੱਲ੍ਹੀਆਂ ਖੁਰਦ ਉਸ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਕਮਲ ਹਸਪਤਾਲ ਨਕੋਦਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਕ ਹੋਰ ਵਿਅਕਤੀ ਪ੍ਰਤਾਪ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਹੁੰਦਲ ਢੱਡਾ ਦੇ ਵੀ ਛਾਤੀ ਦੇ ਕੋਲ ਸ਼ਰਾ ਲੱਗ ਕੇ ਨਿਕਲ ਗਿਆ ਜੋ ਮਾਮੂਲੀ ਫੱਟੜ ਹੋਇਆ ।
ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਹਫੜਾ ਦਫੜੀ ਵਿੱਚ ਸਟੈਂਡ ਤੇ ਬੈਠੇ ਵਿਅਕਤੀ ਥੱਲੇ ਡਿੱਗਣ ਨਾਲ ਜ਼ਖ਼ਮੀ ਹੋ ਗਏ । ਗੋਲੀਆਂ ਚਲਾਉਣ ਉਪਰੰਤ ਹਮਲਾਵਰ ਜੋ ਕਿ ਚਿੱਟੀ ਸਵਿਫਟ ਕਾਰ ਦੇ ਵਿਚ ਆਏ ਸਨ ਪਿੰਡ ਗਿੱਲਾਂ ਵੱਲ ਨੂੰ ਗੱਡੀ ਵਿੱਚ ਬੈਠ ਕੇ ਫ਼ਰਾਰ ਹੋ ਗਏ । ਚਸ਼ਮਦੀਦਾਂ ਮੁਤਾਬਕ, ਗੱਡੀ ਵਿੱਚ ਇੱਕ ਵਿਅਕਤੀ ਗੱਡੀ ਸਟਾਰਟ ਕਰਕੇ ਵਿਚ ਹੀ ਬੈਠਾ ਰਿਹਾ ਤੇ ਚਾਰ ਹਮਲਾਵਰ ਆਪਣੇ ਹੱਥਾਂ ਵਿੱਚ ਪਿਸਤੌਲ ਲੈ ਕੇ ਕਬੱਡੀ ਖਿਡਾਰੀ ਵੱਲ ਵਧੇ ਜਿਨ੍ਹਾਂ ਨੇ ਕਬੱਡੀ ਖਿਡਾਰੀ ਉਪਰ ਤਾਬੜਤੋੜ ਗੋਲੀਆਂ ਨਾਲ ਹਮਲਾ ਕਰ ਦਿੱਤਾ ਜੋ ਪਹਿਲਾਂ ਹੀ ਉਸ ਦੀ ਤਾਕ ਵਿਚ ਸਨ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨਕੋਦਰ ਦੇ ਡੀਐੱਸਪੀ ਲਖਵਿੰਦਰ ਸਿੰਘ ਮੱਲ ਅਤੇ ਥਾਣਾ ਸਦਰ ਨਕੋਦਰ ਦੇ ਐਸਐਚਓ ਪਰਮਿੰਦਰ ਸਿੰਘ ਤੇ ਪੁਲਸ ਚੌਕੀ ਉੱਗੀ ਦੇ ਇੰਚਾਰਜ ਬਲਜਿੰਦਰ ਸਿੰਘ ਐੱਸਆਈ ਮੌਕੇ ‘ਤੇ ਪੁੱਜੇ ਜਿਨ੍ਹਾਂ ਨੇ ਘਟਨਾ ਦੀ ਜਾਂਚ ਕੀਤੀ। ਐੱਸਐੱਚਓ ਪਰਮਿੰਦਰ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਟਰੇਸ ਕਰ ਲਿਆ ਜਾਵੇਗਾ। ਘਟਨਾ ਸਥਾਨ ਤੋਂ ਪੁਲੀਸ ਨੇ ਦਸ ਬਾਰਾਂ ਦੇ ਕਰੀਬ ਰਿਵਾਲਵਰ ਚੋਂ ਚਲੇ ਖਾਲੀ ਰੌਂਦ ਬਰਾਮਦ ਕੀਤੇ ਹਨ । ਘਟਨਾ ਸਥਾਨ ਤੇ ਕਬੱਡੀ ਖਿਡਾਰੀ ਦੇ ਸਿਰ ਵਿੱਚ ਗੋਲੀਆਂ ਲੱਗਣ ਨਾਲ ਮੌਕੇ ਤੇ ਉਸ ਦਾ ਕਾਫ਼ੀ ਖ਼ੂਨ ਵਹਿ ਗਿਆ। ਇਸ ਉਪਰੰਤ ਪ੍ਰਬੰਧਕਾਂ ਨੂੰ ਆਪਣਾ ਟੂਰਨਾਮੈਂਟ ਵੀ ਸਮਾਪਤ ਕਰਨਾ ਪਿਆ। ਟੂਰਨਾਮੈਂਟ ਦੇ ਪ੍ਰਬੰਧਕਾਂ ਅਤੇ ਨਗਰ ਨਿਵਾਸੀਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।
