ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਲੁਧਿਆਣਾ : ਕੈਨੇਡਾ ਜਾ ਕੇ ਸੁਨਹਿਰੀ ਭਵਿੱਖ ਬਣਾਉਣ ਦੇ ਸੁਫ਼ਨੇ ਸਜਾਉਣ ਵਾਲੇ ਨੌਜਵਾਨ ਨਾਲ ਟ੍ਰੈਵਲ ਏਜੰਟ ਨੇ ਲੱਖਾਂ ਰੁਪਏ ਦੀ ਠੱਗੀ ਅੰਜਾਮ ਦਿੱਤੀ। ਉਕਤ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੇ ਠੱਗੀ ਦਾ ਸ਼ਿਕਾਰ ਹੋਏ ਨਿਊ ਸੁਭਾਸ਼ ਨਗਰ ਵਾਸੀ ਅੰਕੁਰ ਦੇ ਬਿਆਨਾਂ ਉਪਰ ਪੈਸਾ ਹੜੱਪਣ ‘ਤੇ ਮੁਲਜ਼ਮ ਗੁਰਪਰਮਵੀਰ ਸਿੰਘ ਵਾਸੀ ਰੂਪਨਗਰ ਖਿਲਾਫ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਅਧੀਨ ਪਰਚਾ ਦਰਜ ਕਰ ਦਿੱਤਾ ਹੈ।
ਸ਼ਿਕਾਇਤਕਰਤਾ ਅੰਕੁਰ ਕੁਮਾਰ ਮੁਤਾਬਕ ਉਹ ਕਨੇਡਾ ਜਾ ਕੇ ਆਪਣਾ ਭਵਿੱਖ ਸੰਵਾਰਨਾ ਚਾਹੁੰਦਾ ਸੀ। ਇਸ ਦੌਰਾਨ ਉਸ ਦਾ ਸੰਪਰਕ ਮੁਹਾਲੀ ਫੇਜ਼ ਇਕ ‘ਚ ਰੁਦਰਾਕਸ਼ ਗਰੁੱਪ ਦੇ ਨਾਂ ‘ਤੇ ਦਫਤਰ ਚਲਾਉਣ ਵਾਲੇ ਗੁਰਪਰਮਵੀਰ ਸਿੰਘ ਨਾਲ ਹੋਇਆ। ਮੁੱਦਈ ਮੁਤਾਬਕ ਉਕਤ ਏਜੰਟ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਮੁਦੱਈ ਨੂੰ ਵਰਕ ਪਰਮਿਟ ਤੇ ਕੈਨੇਡਾ ਦਾ ਵੀਜ਼ਾ ਲਗਵਾ ਕੇ ਦੇਵੇਗਾ। ਸਾਰੀ ਗੱਲਬਾਤ ਮੁੱਕਣ ਮਗਰੋਂ ਮੁਦਈ ਨੇ ਮੁਲਜ਼ਮ ਗੁਰਪਰਮਵੀਰ ਨੂੰ ਸਵਾ ਦੋ ਲੱਖ ਰੁਪਏ ਵੀ ਦੇ ਦਿੱਤੇ। ਪੈਸਾ ਵਸੂਲਣ ਦੇ ਬਾਵਜੂਦ ਦਿੱਤੀ ਮਿਆਦ ਅੰਦਰ ਮੁਲਜ਼ਮ ਨੇ ਨਾ ਤਾਂ ਨੌਜਵਾਨ ਦਾ ਵੀਜ਼ਾ ਲਗਵਾਇਆ ਤੇ ਨਾ ਹੀ ਉਸਦੀ ਦਿੱਤੀ ਰਕਮ ਵਾਪਸ ਮੋੜੀ।ਜਦੋਂ ਵੀ ਮੁਦਈ ਨੇ ਆਪਣੀ ਦਿੱਤੀ ਰਕਮ ਵਾਪਸ ਮੰਗੀ ਤਾਂ ਮੁਲਜ਼ਮ ਉਸਨੂੰ ਲਾਰੇ ਲਾਉਣ ਲੱਗ ਗਿਆ। ਕਈ ਵਾਰ ਗੱਲਬਾਤ ਹੋਣ ਦੇ ਬਾਵਜੂਦ ਪੈਸਾ ਵਾਪਸ ਨਾ ਮਿਲਿਆ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ।
