ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਦੀ ਪੁਰਾਤਨ ਦਰਸ਼ਨੀ ਡਿਓਢੀ 31 ਮਾਰਚ 2019 ਨੂੰ ਦੁਬਾਰਾ ਬਣਾਉਣ ਲਈ ਖੰਡਿਤ ਕਰ ਦਿੱਤੀ ਗਈ ਸੀ। ਡਿਓਢੀ ਢਾਹੇ ਜਾਣ ’ਤੇ ਉਸ ਵੇਲੇ ਪੈਦਾ ਹੋਏ ਵਿਵਾਦ ਦੇ ਚਲਦਿਆਂ ਤਿੰਨ ਸਾਲ ਤੋਂ ਇਹ ਡਿਓਢੀ ਜਿਉ ਦੀ ਤਿਉ ਖੜ੍ਹੀ ਹੈ। ਜਿਸ ਨੂੰ ਲੈ ਕੇ ਜਿਥੇ ਬਾਹਰੋ ਆਉਣ ਵਾਲੇ ਸ਼ਰਧਾਲੂਆਂ ’ਚ ਕਈ ਤਰ੍ਹਾਂ ਦੇ ਭਰਮ ਦਿਖਾਈ ਦਿੰਦੇ ਸਨ। ਉਥੇ ਹੀ ਸਥਾਨਕ ਸੰਗਤ ਵਿਚ ਵੀ ਡਿਓਢੀ ਦੀ ਖੰਡਤ ਹਾਲਤ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ। ਡਿਓਢੀ ਦੇ ਨਿਰਮਾਣ ਲਈ ਚੱਲ ਰਹੇ ਯਤਨਾਂ ਨੂੰ ਅੱਜ ਉਸ ਵੇਲੇ ਬੂਰ ਪੈਂਦਾ ਦਿਖਾਈ ਦਿੱਤਾ ਜਦੋਂ ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਥਾਵਾਂ ਤੋਂ ਪਹੁੰਚੇ ਮੈਂਬਰਾਂ ਨੇ ਸੰਗਤ ਅਤੇ ਸਭਾ ਸੁਸਾਇਟੀਆਂ ਨਾਲ ਮੀਟਿੰਗ ਉਪਰੰਤ ਐਲਾਨ ਕੀਤਾ ਕਿ ਡਿਓਢੀ ਦੀ ਮੁਰੰਮਤ ਦਾ ਕੰਮ ਸੰਗਤ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰਵਾਏਗੀ।
ਤਰਨਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਅਸਥਾਨ ਸਰਾਂ ਵਿਖੇ ਰੱਖੀ ਗਈ ਮੀਟਿੰਗ ਵਿਚ ਪਹੁੰਚੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਲਵਿੰਦਰਪਾਲ ਸਿੰਘ ਪੱਖੋਕੇ, ਬਲਵਿੰਦਰ ਸਿੰਘ ਵੇਂਈਪੂਈਂ, ਅਮਰਜੀਤ ਸਿੰਘ ਬੰਡਾਲਾ, ਗੁਰਬਚਨ ਸਿੰਘ ਕਰਮੂਵਾਲਾ ਤੋਂ ਇਲਾਵ ਹਰਜੀਤ ਸਿੰਘ ਮੀਤ ਸਕੱਤਰ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਧਰਵਿੰਦਰ ਸਿੰਘ ਮਾਣੋਚਾਹਲ ਨੇ ਸ਼ਹਿਰ ਦੀਆਂ ਵੱਖ ਵੱਖ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਹੋਰ ਸ਼ਰਧਾਲੂਆਂ ਨਾਲ ਡਿਓਢੀ ਦੇ ਨਿਰਮਾਣ ਸਬੰਧੀ ਵਿਚਾਰ ਸਾਂਝੇ ਕੀਤੇ। ਮੈਂਬਰਾਂ ਨੇ ਕਿਹਾ ਕਿ ਸੰਗਤ ਵੱਲੋਂ ਡਿਓਢੀ ਢਾਹੇ ਬਿਨਾ ਮੁਰੰਮਤ ਕੀਤੇ ਜਾਣ ਦੀ ਮੰਗ ਰੱਖੀ ਗਈ ਹੈ। ਜਿਸਦੇ ਚਲਦਿਆਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਸਦੀ ਮੁਰੰਮਤ ਦਾ ਕੰਮ ਸੰਗਤ ਦੇ ਸਹਿਯੋਗ ਨਾਲ ਮੁਕੰਮਲ ਕਰਵਾਇਆ ਜਾਵੇਗਾ। ਮੈਨੇਜਰ ਧਰਵਿੰਦਰ ਸਿੰਘ ਮਾਣੋਚਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿਚ ਹਾਜਰ ਸੰਗਤ ਵੱਲੋਂ ਡਿਓਢੀ ਦੀ ਮੁਰੰਮਤ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ’ਤੇ ਸਹਿਮਤੀ ਪ੍ਰਗਟਾ ਦਿੱਤੀ ਹੈ ਅਤੇ ਅੰਮਿ੍ਰਤਸਰ ਵਿਖੇ ਹੋਣ ਵਾਲੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਵਿਚ ਪ੍ਰਵਾਨਗੀ ਮਿਲਣ ਉਪਰੰਤ ਇਹ ਕਾਰਜ ਸੰਗਤ ਨੂੰ ਨਾਲ ਲੈ ਕੇ ਆਰੰਭ ਹੋ ਜਾਣਗੇ। ਇਸ ਮੌਕੇ ਨਿਰਮਲ ਸਿੰਘ ਖਾਲਸਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਭਗਤ ਨਾਮਦੇਵ ਜੀ, ਜਤਿੰਦਰ ਸਿੰਘ ਨਾਗਪਾਲ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ, ਗੁਰਸੇਵਕ ਸਿੰਘ ਸ਼ੇਖ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਰਜਿੰਦਰ ਸਿੰਘ ਬੇਦੀ ਜੋੜਾ ਘਰ ਸੇਵਕ ਜਥਾ, ਮਹਾਂਬੀਰ ਸਿੰਘ, ਗੁਰਿੰਦਰ ਸਿੰਘ, ਅਮਨਦੀਪ ਸਿੰਘ ਸ਼ਫੀਪੁਰ ਸਰਬ ਸਾਂਝੀਵਾਲਤਾ ਸੇਵਕ ਸਭਾ, ਧਰਮ ਸਿੰਘ, ਹਰਸਿਮਰਨ ਸਿੰਘ, ਜੈਦੀਪ ਸਿੰਘ ਜਿੰਮੀ, ਧਰਮਿ ਸਿੰਘ ਤੋਂ ਇਲਾਵਾ ਹੋਰ ਸੁਸਾਇਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
