ਅੰਮ੍ਰਿਤਸਰ : ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ ’ਤੇ ਹੋਏ ਧਾਰਮਿਕ ਸਮਾਗਮ ਵਿਚ ਭਾਰਤ ਸਰਕਾਰ ਵੱਲੋਂ ਗੁਰੂ ਸਾਹਿਬ ਦੇ ਨਾਂ ’ਤੇ ਡਾਕ ਟਿਕਟ ਤੇ ਸਿੱਕਾ ਜਾਰੀ ਕਰਨ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲਾਲ ਕਿਲ੍ਹੇ ਵਿਖੇ ਵੱਡੀ ਪੱਧਰ ’ਤੇ ਮਨਾਇਆ ਅਤੇ ਇਸ ਸਮਾਗਮ ’ਚ ਡਾਕ ਟਿਕਟ ਤੇ ਸਿੱਕਾ ਗੁਰੂ ਸਾਹਿਬ ਦੇ ਨਾਂ ’ਤੇ ਜਾਰੀ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਤਿਆਰ ਹਾਂ, ਪਰ ਇਸ ਲਈ ਭਾਰਤ ਸਰਕਾਰ ਨੂੰ ਵੀ ਸਿੱਖਾਂ ਵੱਲ ਕਦਮ ਵਧਾਉਂਦੇ ਹੋਏ ਸਿੱਖਾਂ ਦੇ ਪੈਂਡਿੰਗ ਮਸਲੇ ਹੱਲ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਦੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ ਤਾਂ ਉਸ ਸਮੇਂ ਉਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਦੀ ਹੋਈ ਇਕੱਤਰਤਾ ‘ਚ ਵੀ ਸਿੱਖਾਂ ਦੇ ਪੈਂਡਿੰਗ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਿਚਾਰ ਚਰਚਾ ਹੋਈ ਸੀ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਮੇਂ 12 ਨਵੰਬਰ 2019 ਨੂੰ ਭਾਰਤ ਸਰਕਾਰ ਵੱਲੋਂ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਸਰਕਾਰ, ਭਾਈ ਗੁਰਦੀਪ ਸਿੰਘ ਖੇਡ਼ਾ ਨੂੰ ਕਰਨਾਟਕ ਸਰਕਾਰ ਰਿਹਾਅ ਕਰਨ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਲਈ ਚੰਡੀਗਡ਼੍ਹ ਸਰਕਾਰ ਅਡ਼ਚਣਾਂ ਪਾ ਰਹੀ ਹੈ। ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਵੀ ਸਿੱਖ ਕੈਦੀਆਂ ਨੂੰ ਸਰਕਾਰ ਜਲਦ ਤੋਂ ਜਲਦ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖ ਕੈਦੀਆਂ ਨੇ ਬਹੁਤ ਕੀਮਤੀ ਸਮਾਂ ਜੇਲ੍ਹਾਂ ‘ਚ ਬਿਤਾਇਆ ਹੈ ਤੇ ਇਨ੍ਹਾਂ ਦੀ ਰਹਿੰਦੀ ਜ਼ਿੰਦਗੀ ਪਰਿਵਾਰਾਂ ਵਿਚ ਰਹਿ ਕੇ ਬਤੀਤ ਹੋਵੇ, ਇਸ ਲਈ ਭਾਰਤ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਸਿੱਖ ਕੈਦੀਆਂ ਨੂੰ ਰਿਹਾਅ ਕਰੇ।
