ਹੁਸ਼ਿਆਰਪੁਰ : ਆਪਣੀ ਪ੍ਰੇਮਿਕਾ ਤੋਂ ਪਰੇਸ਼ਾਨ ਹੋ ਕੇ ਪਿੰਡ ਫਲਾਹੀ ਦੇ ਇਕ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਮੇਹਟੀਆਣਾ ਪੁਲਿਸ ਨੂੰ ਦਿੱਤੇ ਬਿਆਨ ‘ਚ ਜਸਵਿੰਦਰ ਕੁਮਾਰ ਪੁੱਤਰ ਮਦਨ ਲਾਲ ਵਾਸੀ ਫਲਾਹੀ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਵਿਜੇ ਕੁਮਾਰ ਉਮਰ ਕਰੀਬ 43 ਸਾਲ ਪਿੰਡ ਦੀ ਫਲਾਹੀ ਵਿਖੇ ਗਊਸ਼ਾਲਾ ‘ਚ ਕੰਮ ਕਰਦਾ ਸੀ ਜਿਸ ਦਾ ਮਨਪ੍ਰੀਤ ਕੌਰ ਉਰਫ਼ ਮਧੂ ਪਤਨੀ ਜਸਵਿੰਦਰ ਪਾਲ ਵਾਸੀ ਮਿਰਜ਼ਾਪੁਰ ਥਾਣਾ ਬੁੱਲ੍ਹੋਵਾਲ ਨਾਲ ਪਿਛਲੇ 09 ਸਾਲ ਤੋਂ ਆਪਸੀ ਰਿਲੇਸ਼ਨ ਸੀ। ਉਕਤ ਮਨਪ੍ਰੀਤ ਕੌਰ ਨੇ ਵਿਜੇ ਕੁਮਾਰ ਨੂੰ ਵਿਆਹ ਕਰਨ ਦਾ ਲਾਰਾ ਲਗਾਇਆ ਹੋਇਆ ਸੀ। ਸ਼ਿਕਾਇਤ ਕਰਤਾ ਨੇ ਅੱਗੇ ਦੱਸਿਆ ਕਿ ਉਸਦੇ ਭਰਾ ਨੇ ਉਕਤ ਔਰਤ ਨੂੰ ਕਾਰ ਵੀ ਲੈ ਕੇ ਦਿੱਤੀ ਸੀ। ਲੰਘੇ ਸ਼ੁੱਕਰਵਾਰ ਨੂੰ ਵਿਜੇ ਕੁਮਾਰ ਕੰਮ ਤੋਂ ਘਰ ਆ ਕੇ ਆਪਣੇ ਚੁਬਾਰੇ ਵਿੱਚ ਚਲਾ ਗਿਆ ਤੇ ਛੱਤ ‘ਚ ਲੱਗੀ ਪੱਖੇ ਦੀ ਹੁੱਕ ਨਾਲ ਪਰਨਾ ਪਾ ਕੇ ਗਲ਼ੇ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਬਿਆਨਕਰਤਾ ਨੇ ਕਿਹਾ ਕਿ ਉਸਦੇ ਭਰਾ ਵਿਜੇ ਕੁਮਾਰ ਨੇ ਮਨਪ੍ਰੀਤ ਕੌਰ ਉਰਫ ਮਧੂ ਵੱਲੋਂ ਤੰਗ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਪੁਲਿਸ ਨੇ ਉਕਤ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਉਕਤ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
