ਜਲੰਧਰ: ਸੈਂਟਰਲ ਟਾਊਨ ਵਿੱਚ ਫੈਕਟਰੀ ਮਾਲਕ ਦੇ ਘਰ ਹੋਈ ਚੋਰੀ ਦੇ ਮਾਮਲੇ ਵਿੱਚ ਪੁਲਿਸ ਰਿਮਾਂਡ ਤੇ ਚੱਲ ਰਹੇ ਮੁਲਜ਼ਮ ਵੱਲੋਂ ਪੁਲਿਸ ਨੂੰ ਲੱਖਾਂ ਰੁਪਏ ਦਾ ਸੋਨਾ ਅਤੇ ਸੋਨਾ ਵੇਚ ਕੇ ਰੱਖੀ ਹੋਈ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਹਰਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸੈਂਟਰਲ ਟਾਊਨ ਵਾਸੀ ਕਮਲ ਸ਼ਰਮਾ ਦੇ ਘਰ ਕੋਈ ਅਣਪਛਾਤਾ ਵਿਅਕਤੀ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਿਆ ਸੀ ਪੁਲਿਸ ਨੇ ਕਮਲ ਸ਼ਰਮਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਥਾਣਾ ਮੁਖੀ ਪਰਮਦੀਨ ਖਾਣ ਨੇ ਸ਼ੁਰੂ ਕੀਤੀ ਜਾਂਚ ਦੌਰਾਨ ਏ ਐੱਸ ਆਈ ਰਾਮ ਸਿੰਘ ਨੇ ਇਸ ਮਾਮਲੇ ਵਿਚ ਹਰਪ੍ਰੀਤ ਸਿੰਘ ਹੈਪੀ ਵਾਸੀ ਰਾਣੀਪੁਰ ਫਗਵਾੜਾ ਨੂੰ ਕਾਬੂ ਕਰਕੇ ਉਸ ਕੋਲੋਂ 9437 ਰਪਏ ਦੀ ਨਕਦੀ ਬਰਾਮਦ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਚੋਰੀ ਕੀਤਾ ਗਿਆ ਸੋਨਾ ਫਗਵਾੜਾ ਦੇ ਮਹਿਤਾ ਜਿਊਲਰ ਨੂੰ ਵੇਚਿਆ ਹੈ। ਜਿਸ ਤੇ ਪੁਲਿਸ ਨੇ ਮਹਿਤਾ ਜਿਊਲਰ ਦੇ ਮਾਲਕ ਰਾਕੇਸ਼ ਵਰਮਾ ਅਤੇ ਬਿਬੇਸ਼ ਸਸਮਲ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 151.20 ਗ੍ਰਾਮ ਸੋਨਾ ਬਰਾਮਦ ਕੀਤਾ। ਪੁਲੀਸ ਨੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚੋਂ ਤਿੰਨ ਦਿਨ ਦੇ ਪੁਲੀਸ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਤਾਂ ਹਰਪ੍ਰੀਤ ਸਿੰਘ ਹੈਪੀ ਨੇ ਆਪਣੀ ਨਿਸ਼ਾਨਦੇਹੀ ਤੇ ਪੁਲੀਸ ਨੂੰ 130 ਗਰਾਮ ਸੋਨਾ,ਇੱਕ ਸੈੱਟ ਚਾਂਦੀ ਦੀਆਂ ਪੰਜੇਬਾਂ ਅਤੇ ਸੋਨਾ ਵੇਚ ਕੇ ਆਪਣੇ ਘਰ ਵਿੱਚ ਲੁਕੋਏ ਹੋਏ ਚਾਰ ਲੱਖ ਰੁਪਏ ਵੀ ਬਰਾਮਦ ਕਰਵਾ ਦਿੱਤੇ। ਡੀਸੀਪੀ ਹਰਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਹਾਲੇ ਹੋਰ ਵੀ ਬਰਾਮਦਗੀ ਕੀਤੀ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਫੈਕਟਰੀ ਮਾਲਕ ਕਮਲ ਸ਼ਰਮਾ ਦੇ ਘਰੋਂ ਤਕਰੀਬਨ ਡੇਢ ਕਿਲੋ ਸੋਨਾ ਚੋਰੀ ਹੋਣ ਦੀ ਸੂਚਨਾ ਹੈ।
