ਚੰਡੀਗੜ੍ਹ : ਚੰਡੀਗੜ੍ਹ ਦੇ ਨਾਈਟ ਕਲੱਬਾਂ ਵਿੱਚ ਅਕਸਰ ਕੁੱਟਮਾਰ, ਛੇੜਛਾੜ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਇੱਕ ਹੋਰ ਘਟਨਾ ਸੈਕਟਰ-17 ਸਥਿਤ ਇੱਕ ਕਲੱਬ ਵਿੱਚ ਵਾਪਰੀ ਹੈ। ਸੈਕਟਰ-17 ਸਥਿਤ ਪੋਸ਼ਨ ਕਲੱਬ ‘ਚ ਵੀਰਵਾਰ ਰਾਤ ਗੇ-ਪਾਰਟੀ ਚੱਲ ਰਹੀ ਸੀ। ਪਾਰਟੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਲੜਕੀ ਅਤੇ ਟਰਾਂਸਜੈਂਡਰ ਵਿਚਕਾਰ ਝਗੜਾ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਗੱਲ ਲੜਾਈ ਤੱਕ ਪਹੁੰਚ ਗਈ। ਲੜਕੀ ਅਤੇ ਟਰਾਂਸਜੈਂਡਰ ਬਹਿਸ ਕਰਦੇ ਹੋਏ ਕਲੱਬ ਤੋਂ ਬਾਹਰ ਆ ਗਏ ਅਤੇ ਦੋਵਾਂ ਵਿਚਕਾਰ ਲੜਾਈ ਹੋ ਗਈ। ਦੋਨੋਂ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਨ ਲੱਗੇ। ਇਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਕਈ ਟਰਾਂਸਜੈਂਡਰ ਵੀ ਕਲੱਬ ਦੇ ਅੰਦਰੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ ਨਿਊਡ ਹੋ ਕੇ ਹੰਗਾਮਾ ਕੀਤਾ। ਉਸ ਨੂੰ ਦੇਖਣ ਲਈ ਗੁਆਂਢੀ ਵੀ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਪੁੱਜੀ ਪੁਲੀਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਵਧਦਾ ਦੇਖ ਉਨ੍ਹਾਂ ਨੂੰ ਥਾਣੇ ਲਿਜਾਣਾ ਪਿਆ।
ਦੇਰ ਰਾਤ ਕਲੱਬ ਦੇ ਬਾਹਰ ਹੰਗਾਮਾ ਹੋਣ ਦੀ ਸੂਚਨਾ ਮਿਲਣ ’ਤੇ ਡਿਊਟੀ ’ਤੇ ਤਾਇਨਾਤ ਇੰਸਪੈਕਟਰ ਬਲਦੇਵ ਸਿੰਘ ਪੁਲੀਸ ਟੀਮ ਸਮੇਤ ਮੌਕੇ ’ਤੇ ਪੁੱਜੇ। ਪਹਿਲਾਂ ਤਾਂ ਪੁਲਸ ਨੇ ਮੌਕੇ ‘ਤੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹੰਗਾਮਾ ਵਧਦਾ ਦੇਖ ਕੇ ਮਹਿਲਾ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਲੜਕੀ ਅਤੇ ਟਰਾਂਸਜੈਂਡਰ ਨੂੰ ਥਾਣੇ ਲਿਜਾਇਆ ਗਿਆ। ਇੱਥੇ ਵੀ ਮਾਮਲਾ ਸ਼ਾਂਤ ਨਹੀਂ ਹੋਇਆ ਅਤੇ ਟਰਾਂਸਜੈਂਡਰਾਂ ਨੇ ਥਾਣੇ ਦੇ ਅੰਦਰ ਵੀ ਕਾਫੀ ਹੰਗਾਮਾ ਕੀਤਾ। ਥਾਣੇ ਦੇ ਬਾਹਰ ਟਰਾਂਸਜੈਂਡਰਾਂ ਦੀ ਗਿਣਤੀ ਵਧਣ ਲੱਗੀ ਅਤੇ ਬਾਅਦ ‘ਚ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਸਮਝਾ ਕੇ ਮਾਮਲਾ ਸ਼ਾਂਤ ਕਰ ਕੇ ਵਾਪਸ ਭੇਜ ਦਿੱਤਾ।
ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮਾਂ ਨੂੰ ਅਜੇ ਤੱਕ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ ਹੈ ਕਿ ਦੋਵਾਂ ਧਿਰਾਂ ਦਾ ਕਸੂਰ ਕਿਸ ਦਾ ਸੀ। ਜਦੋਂਕਿ ਕਿਸੇ ਜਨਤਕ ਥਾਂ ’ਤੇ ਅਜਿਹੀ ਘਟਨਾ ਵਾਪਰਨ ’ਤੇ ਪੁਲੀਸ ਸਖ਼ਤ ਕਾਰਵਾਈ ਕਰਦੀ ਹੈ। ਫ਼ਿਲਹਾਲ ਪੁਲਿਸ ਵੱਲੋਂ ਉਨ੍ਹਾਂ ਨੂੰ ਸ਼ਾਂਤ ਕਰਨ ਵਿੱਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਦੋਵਾਂ ਧਿਰਾਂ ਨੇ ਸੁੱਖ ਦਾ ਸਾਹ ਲਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਵੱਖ-ਵੱਖ ਕਲੱਬਾਂ, ਡਿਸਕੋ ਥੇਕ ਦੇ ਬਾਹਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
