ਮੋਗਾ :
ਲੜਕੀ ਨੂੰ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਪੁਲਿਸ ਨੇ ਭੈਣ ਭਰਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਮੈਹਿਣਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਜਲਸੀਨ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਰੰਗੀਆਂ ਡੇਹਲੋਂ ਜ਼ਿਲ੍ਹਾ ਲੁਧਿਆਣਾ ਵੱਲੋਂ ਐਸਐਸਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ ਵਿਦੇਸ਼ ਕੈਨੇਡਾ ਜਾਣਾ ਸੀ ਜਿਸਦੇ ਚਲਦਿਆਂ ਉਸ ਦੀ ਗੱਲਬਾਤ ਸਿਮਰਨ ਕੌਰ ਉਰਫ ਸੰਧਿਆਂ ਤਮਾਨ ਪੁੱਤਰੀ ਅਨਿਲ ਕੁਮਾਰ ਵਾਸੀ ਗਰਨੀ ਸਿਟੀ ਨੇੜੇ ਮਲਹੋਤਰਾ ਪੈਲਸ ਲੁਧਿਆਣਾ ਹਾਲ ਅਬਾਦ ਮੁਹਾਲੀ ਅਤੇ ਉਸ ਦੇ ਭਰਾ ਗਗਨਦੀਪ ਨਾਲ ਹੋਈ। ਉਨ੍ਹਾਂ ਨੇ ਉਸ ਨੂੰ ਕੈਨੇਡਾ ਭੇਜਣ ਦੀ ਇਵਜ਼ ਵਿਚ ਉਸ ਕੋਲੋਂ 25 ਲੱਖ ਰੁਪਏ ਲੈ ਲਏ ਤੇ ਉਸ ਨੂੰ ਕੈਨੇਡਾ ਭੇਜਣ ਲਈ ਟਾਲ ਮਟੌਲ ਕਰਦੇ ਰਹੇ ਤੇ ਉਸ ਨੂੰ ਵਿਦੇਸ਼ ਨਹੀਂ ਭੇਜਿਆਂ ਤੇ ਨਾ ਹੀ ਉਸ ਵੱਲੋਂ ਦਿੱਤੇ ਪੈਸੇ ਵਾਪਿਸ ਕੀਤੇ। ਇਸ ਤਰ੍ਹਾਂ ਕਰਕੇ ਉਨ੍ਹਾਂ ਦੋਵਾਂ ਭੈਣ ਭਰਾਵਾਂ ਨੇ ਉਸ ਨਾਲ 25 ਲੱਖ ਰੁਪਏ ਰੁਪਏ ਦੀ ਠੱਗੀ ਮਾਰ ਲਈ ਹੈ। ਐੱਸਐੱਸਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਡੀਐੱਸਪੀ ਕਰਾਇਮ ਅਗੇਸ਼ਟ ਵੋਮੈਨ ਐਂਡ ਚਿਲਡਰਨ ਮੋਗਾ ਨੂੰ ਜਾਂਚ ਪੜਤਾਲ ਕਰਨ ਦੇ ਆਦੇਸ਼ ਦਿੱਤੇ। ਪੁਲਿਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਦੌਰਾਨ ਸ਼ਿਕਾਇਤ ਕਰਤਾ ਲੜਕੀ ਵੱਲੋਂ ਲਗਾਏ ਦੋਸ਼ ਸਹੀ ਪਾਏ ਜਾਣ ਤੇ ਪੁਲਿਸ ਨੇ ਡੀਏ ਲੀਗਲ ਦੀ ਰਾਇ ਲੈਣ ਤੋਂ ਬਾਅਦ ਸਿਮਰਨ ਕੌਰ ਅਤੇ ਉਸ ਦੇ ਭਰਾ ਗਗਨਦੀਪ ਸਿੰਘ ਦੇ ਖਿਲਾਫ਼ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਥਾਣਾ ਮੈਹਣਾ ਵਿਚ ਅਧੀਨ ਧਾਰਾ 420/120 ਬੀ ਭ:ਦ: 13 ਪੰਜਾਬ ਟਰੈਵਲ ਪ੍ਰਵੈਸ਼ਨ ਐਕਟ 2014 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
