ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਲੋਕ ਸਭਾ ਉਪ ਚੋਣ ਵਿੱਚ ਮੈਦਾਨ ਵਿੱਚ ਉਤਾਰ ਸਕਦਾ ਹੈ। ਅੱਜ ਪਾਰਟੀ ਦੀ ਕੋਰ ਕਮੇਟੀ ਵਿੱਚ ਸੰਗਰੂਰ ਸੰਸਦੀ ਸੀਟ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ, ਜਿਸ ਵਿੱਚ ਸਮੂਹ ਪੰਥਕ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਚੋਣਾਂ ਲਡ਼ਨ ਦਾ ਸੱਦਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਪੰਥਕ ਅਤੇ ਪੰਜਾਬ ਪੱਖੀ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰੇਗੀ। ਅਗਲੇ ਮਹੀਨੇ ਹੋਣ ਵਾਲੀਆਂ ਸੰਸਦੀ ਉਪ ਚੋਣਾਂ ਵਿਚ ਸੰਪਰਦਾਇਕ ਅਤੇ ਦਿੱਲੀ ਕੇਂਦਰਿਤ ਤਾਕਤਾਂ ਵਿਰੁੱਧ ਇਕਜੁੱਟ ਹੋ ਕੇ ਲਡ਼ਾਈ ਲਡ਼ਨ ਲਈ ਕੰਮ ਕਰੇਗੀ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਕ ਵਾਰ ਫਿਰ ਸੰਗਰੂਰ ਸੰਸਦੀ ਸੀਟ ਤੋਂ ਚੋਣ ਲਡ਼ਨ ਦਾ ਐਲਾਨ ਕੀਤਾ ਹੈ। ਮਾਨ ਪਹਿਲਾਂ ਵੀ ਇਸ ਸੀਟ ’ਤੇ ਉਤਰ ਚੁੱਕੇ ਹਨ ਅਤੇ ਇਕ ਵਾਰ ਜਿੱਤ ਚੁੱਕੇ ਹਨ। ਪਾਰਟੀ ਆਗੂਆਂ ਨੇ ਫੈਸਲਾ ਕੀਤਾ ਕਿ ਪੰਥਕ ਧਿਰਾਂ ਨੂੰ ਇਕਜੁੱਟ ਹੋ ਕੇ ਲਡ਼ਨਾ ਚਾਹੀਦਾ ਹੈ ਅਤੇ ਇਸ ਲਈ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਨਾ ਲਡ਼ਨ ਲਈ ਕਿਹਾ ਜਾਣਾ ਚਾਹੀਦਾ ਹੈ। ਕਿਹਾ ਗਿਆ ਕਿ ਮਾਨ ਪੰਥਕ ਵੋਟਾਂ ਦਾ ਨੁਕਸਾਨ ਕਰ ਸਕਦਾ ਹੈ। ਜੇਕਰ ਮਾਨ ਚੋਣ ਲਡ਼ਨ ’ਤੇ ਅਡ਼ੇ ਰਹੇ ਤਾਂ ਪਾਰਟੀ ਜੇਲ੍ਹ ’ਚ ਬੰਦ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦੇ ਕੇ ਪੰਥਕ ਵੋਟਾਂ ਨੂੰ ਮਜ਼ਬੂਤ ਕਰ ਸਕਦੀ ਹੈ। ਅਜਿਹੇ ਵਿੱਚ ਮਾਨ ਲਈ ਅਕਾਲੀ ਉਮੀਦਵਾਰ ਦਾ ਵਿਰੋਧ ਕਰਨਾ ਅੌਖਾ ਹੋ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵੀ ਮੈਦਾਨ ਵਿੱਚ ਉਤਰਨ ਲਈ ਕਿਹਾ ਗਿਆ ਪਰ ਉਨ੍ਹਾਂ ਇਨਕਾਰ ਕਰ ਦਿੱਤਾ।
