ਪਟਿਆਲਾ : ਰਾਜਪੁਰਾ ਵਿਖੇ ਸਥਿਤ ਥਰਮਲ ਪਲਾਂਟ ਦਾ ਰੇਲਵੇ ਨਾਲ ਲਿੰਕ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਰੇਲਵੇ ਟਰੈਕ ਦੇ 1200 ਕਲਿੰਪ ਤੋੜ ਦਿੱਤੇ ਗਏ ਹਨ ਜਿਸ ਬਾਰੇ ਸ਼ਨਿੱਚਰਵਾਰ ਸਵੇਰੇ ਪਤਾ ਲੱਗਾ ਹੈ। ਸਮਾਂ ਰਹਿੰਦਿਆਂ ਟੁੱਟੇ ਕਲਿੱਪਾਂ ਦਾ ਪਤਾ ਲੱਗਣ ‘ਤੇ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਰੇਲਵੇ ਟਰੈਕ ‘ਤੇ ਜਾਂਚ ਲਈ ਪੁੱਜ ਚੁੱਕੀਆਂ ਹਨ। ਸੂਤਰਾਂ ਅਨੁਸਾਰ ਪਿਛਲੇ ਮਹੀਨੇ ਵੀ ਇਸੇ ਟਰੈਕ ਤੋਂ 60 ਕਲਿੰਪ ਤੋੜੇ ਗਏ ਸਨ। ਦੂਸਰੀ ਵਾਰ ਅਜਿਹੀ ਘਟਨਾ ਵਾਪਰਨਾ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਿਹਾ ਹੈ। ਥਰਮਲ ਪਲਾਂਟ ਦਾ ਰੇਲ ਸੰਪਰਕ ਟੁੱਟਣ ਨਾਲ ਪਾਵਰ ਸੈਕਟਰ ਤੇ ਰੇਲਵੇ ਦੋਹਾਂ ਨੂੰ ਹੀ ਵੱਡਾ ਨੁਕਸਾਨ ਪੁੱਜ ਸਕਦਾ ਹੈ।
ਦੱਸਣਾ ਬਣਦਾ ਹੈ ਕਿ ਸਿੱਖਸ ਫਾਰ ਜਸਟਿਸ ਵੱਲੋਂ ਵੀ ਦੇਸ਼ ਭਰ ਵਿੱਚ ਰੇਲਾਂ ਰੋਕਣ ਸਬੰਧੀ ਧਮਕੀ ਦਿੱਤੀ ਜਾ ਚੁੱਕੀ ਹੈ। ਥਰਮਲ ਪਲਾਂਟ ਨੇੜੇ ਅਜਿਹੀ ਘਟਨਾ ਵਾਪਰਨ ਨਾਲ ਪੁਲਿਸ ਪ੍ਰਸ਼ਾਸਨ ਤੇ ਖੁਫੀਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।
