ਫਗਵਾੜਾ : ਫਗਵਾੜਾ ਦੇ ਮੁਹੱਲਾ ਗੁਰੂ ਅਰਜੁਨ ਨਗਰ ਡਡਲ ਮੁਹੱਲਾ ਵਿਖੇ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਮੁਹੱਲੇ ‘ਚ ਖੜ੍ਹੀਆਂ ਦਰਜਨ ਦੇ ਕਰੀਬ ਗੱਡੀਆਂ ਦੀ ਭੰਨ-ਤੋੜ ਕੀਤੀ ਗਈ ਤੇ ਨਾਲ ਹੀ ਲਲਕਾਰੇ ਮਾਰੇ ਗਏ। ਇਸ ਕਾਰਨ ਮੁਹੱਲਾ ਵਾਸੀਆਂ ‘ਚ ਜਿਥੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਹੀ ਉਹ ਆਪਣੀ ਸੁਰੱਖਿਆ ਪ੍ਰਤੀ ਵੀ ਚਿੰਤਤ ਦਿਖਾਈ ਦੇ ਰਹੇ ਹਨ। ਮੁਹੱਲਾ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੀਤੀ ਰਾਤ ਮੁਹੱਲੇ ‘ਚ ਕੁਝ ਨੌਜਵਾਨ ਆਏ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ ਤੇ ਜਿਨ੍ਹਾਂ ਵਲੋਂ ਮੁਹੱਲੇ ‘ਚ ਖੜ੍ਹੀਆਂ ਵੱਖ-ਵੱਖ ਪਰਿਵਾਰਾਂ ਦੀਆਂ ਗੱਡੀਆਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਮੁਹੱਲਾ ਵਾਸੀਆਂ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਐੱਸਐੱਚਓ ਸਿਟੀ ਅਮਨਦੀਪ ਨਾਹਰ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਾਮਲੇ ਦੀ ਸੂਚਨਾ ਮਿਲਦੇ ਸਾਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਵੀ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਜਲਦ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਮੁਹੱਲੇ ਦੇ ਸਾਬਕਾ ਐੱਮਸੀ ਜਤਿੰਦਰ ਵਰਮਾਨੀ, ਅਕਾਲ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ ਤੇ ਹੋਰ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਸ਼ਰਾਰਤੀ ਅਨਸਰਾਂ ਵਲੋਂ ਇਹ ਹਰਕਤ ਕੀਤੀ ਗਈ ਹੈ, ਉਨ੍ਹਾਂ ਦੀ ਜਲਦ ਤੋਂ ਜਲਦ ਪਛਾਣ ਕਰ ਕੇ ਮੁਲਜ਼ਮਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਨੇ ਦਸਿਆ ਕਿ ਇਹ 2 ਗਰੁੱਪਾਂ ‘ਚ ਲੜਾਈ ਝਗੜਾ ਹੋਇਆ ਸੀ ਜਿਨ੍ਹਾਂ ਵਿਚ ਕੁਝ ਵਿਅਕਤੀ ਡਡਲ ਮੁਹੱਲਾ ਤੇ ਕੁਝ ਵਿਅਕਤੀ ਲੰਬੀ ਗਲੀ ਦੇ ਸਨ। ਐੱਸਐੱਚਓ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਰਾਹੀਂ ਮੁਹੱਲਾ ਵਾਸੀਆਂ ਵਲੋਂ ਕੁਝ ਲੋਕਾਂ ਦੀ ਪਛਾਣ ਕੀਤੀ ਗਈ ਤੇ ਪੁਲਿਸ ਵਲੋਂ ਮੁਹੱਲਾ ਵਾਸੀਆਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਮਹੌਲ ਖਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
