ਜਲੰਧਰ : ਮਹਾਨਗਰ ਵਿਚ ਨਸ਼ੇ ਦੀ ਤਸਕਰੀ ਲਈ ਬਦਨਾਮ ਇਲਾਕੇ ਕਾਜ਼ੀ ਮੰਡੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕਮਿਸ਼ਨਰੇਟ ਪੁਲਿਸ ਨੇ ਅੱਜ ਸਵੇਰੇ ਤੜਕੇ ਛਾਪੇਮਾਰੀ ਕਰਕੇ ਚੱਪੇ-ਚੱਪੇ ਦੀ ਛਾਣਬੀਣ ਕੀਤੀ। ਡੀਸੀਪੀ ਜਗਮੋਹਨ ਸਿੰਘ ਤੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਏਡੀਸੀਪੀ ਸੁਹੇਲ ਮੀਰ, ਏਡੀਸੀਪੀ ਗੁਰਬਾਜ ਸਿੰਘ ਤੇ ਏਡੀਸੀਪੀ ਹਰਪ੍ਰੀਤ ਸਿੰਘ ਬੈਨੀਪਾਲ ਨੇ ਕਰੀਬ 400 ਪੁਲਿਸ ਮੁਲਾਜ਼ਮਾਂ ਤੇ ਅਫ਼ਸਰਾਂ ਦੀ ਨਫਰੀ ਨਾਲ ਸਵੇਰੇ ਤੜਕੇ ਹੀ ਕਾਜੀ ਮੰਡੀ ਤੇ ਨਾਲ ਲੱਗਦੇ ਇਲਾਕਿਆਂ ਵਿਚ 12 ਪੁਆਇੰਟਾਂ ਉਪਰ ਨਾਕਾਬੰਦੀ ਕਰ ਕੇ ਸੜਕਾਂ ਉਪਰ ਘੁੰਮ ਰਹੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਲਈ। ਇਸ ਦੌਰਾਨ ਉੱਚ ਅਧਿਕਾਰੀਆਂ ਨੇ ਸੈਰ ਕਰਨ ਲਈ ਨਿਕਲੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਕੋਲੋਂ ਵੀ ਜਾਣਕਾਰੀ ਹਾਸਿਲ ਕੀਤੀ। ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਸ਼ੱਕੀ ਲੋਕਾਂ ਦੇ ਘਰ-ਘਰ ਜਾ ਕੇ ਵੀ ਤਲਾਸ਼ੀ ਲਈ। ਮਹਿਲਾ ਪੁਲਿਸ ਮੁਲਾਜ਼ਮਾਂ ਨੇ ਔਰਤਾਂ ਦੀ ਤਲਾਸ਼ੀ ਲਈ। ਇਸ ਦੌਰਾਨ ਪੁਲਿਸ ਵੱਲੋਂ ਪੰਜ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਉੱਤੇ ਹਿਰਾਸਤ ਵਿਚ ਲਿਆ। ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਹਾਲ ਦੀ ਘੜੀ ਕੋਈ ਖੁਲਾਸਾ ਨਹੀਂ ਕੀਤਾ।
