ਬਠਿੰਡਾ : ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਗੈਂਗਸਟਰ ਕੋਲੋਂ ਮੋਬਾਈਲ ਫੋਨ ਤੇ ਪੰਜ ਸਿਮ ਕਾਰਡ ਬਰਾਮਦ ਹੋਏ ਹਨ। ਥਾਣਾ ਕੈਂਟ ਦੀ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਗੈਂਗਸਟਰ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐੱਸਆਈ ਕਰਮਜੀਤ ਸਿੰਘ ਮੁਤਾਬਕ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ 24 ਜੂਨ ਨੂੰ ਜੇਲ੍ਹ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਗੈਂਗਸਟਰ ਰਾਜਬੀਰ ਸਿੰਘ ਵਾਸੀ ਪਿੰਡ ਨਾਥਪੁਰਾ ਜ਼ਿਲ੍ਹਾ ਗੁਰਦਾਸਪੁਰ ਕੋਲੋਂ ਮੋਬਾਈਲ ਫੋਨ ਤੇ ਪੰਜ ਸਿਮ ਕਾਰਡ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੇ ਪੱਤਰ ਦੇ ਅਧਾਰ ‘ਤੇ ਮੁਲਜ਼ਮ ਰਾਜਬੀਰ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੇਂਦਰੀ ਜੇਲ੍ਹ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਜੇਲ੍ਹ ਵਿਚ ਬੰਦ ਗੈਂਗਸਟਰਾਂ ‘ਤੇ ਨਿਗਰਾਨੀ ਲਈ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਸਪੈਸ਼ਲ ਕਮਾਂਡੋ ਤਾਇਨਾਤ ਕੀਤੇ ਗਏ ਸਨ।
