ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-26 ਸਥਿਤ ਅਨਾਜ ਮੰਡੀ ‘ਚ ਖ਼ੂਨੀ ਟਕਰਾਅ ਦੀ ਘਟਨਾ ਵਾਪਰੀ ਹੈ। ਇੱਥੇ ਦੋ ਥੋਕ ਵਿਕਰੇਤਾਵਾਂ ਦੇ ਗੁੱਟਾਂ ਵਿਚਕਾਰ ਭਿਆਨਕ ਲੜਾਈ ਹੋਈ ਤੇ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ। ਦੋਵੇਂ ਧੜਿਆਂ ਦੇ ਲੋਕ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਇਸ ਪੂਰੀ ਘਟਨਾ ‘ਚ ਕਈ ਲੋਕ ਜ਼ਖਮੀ ਵੀ ਹੋਏ ਹਨ।
ਜਾਣਕਾਰੀ ਅਨੁਸਾਰ ਅਨਾਜ ਮੰਡੀ ‘ਚ ਅੰਬਾਂ ਦੇ ਥੋਕ ਵਿਕਰੇਤਾਵਾਂ ‘ਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਝਗੜਾ ਇੰਨਾ ਵੱਧ ਗਿਆ ਕਿ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਇਕ ਧਿਰ ਨੇ ਦੂਜੀ ਧਿਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਉਤਰਾਖੰਡ ਦੇ ਰੁੜਕੀ ਦੇ ਰਹਿਣ ਵਾਲੇ ਤਿੰਨ ਭਰਾ ਤਸਲੀਮ, ਮੁੰਤਜ਼ੀਰ ਤੇ ਮੁਸਤਕੀਨ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜੀਐਮਐਸਐਚ-16 ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਤਸਲੀਮ ਦੀ ਸ਼ਿਕਾਇਤ ‘ਤੇ ਸੈਕਟਰ-26 ਥਾਣਾ ਪੁਲਿਸ ਨੇ ਮੁਹੰਮਦ ਫੈਜ਼ਾਨ ਵਾਸੀ ਬਿਜਨੌਰ, ਸਲਮਾਨ ਮੁਹੰਮਦ ਵਾਸੀ ਦਿੱਲੀ ਤੇ ਮੁਹੰਮਦ ਅਕਰਮ ਦੇ ਖਿਲਾਫ਼ ਹੱਤਿਆ ਦੀ ਕੋਸ਼ਿਸ਼ (307) ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਮੁਹੰਮਦ ਫੈਜ਼ਾਨ ਤੇ ਸਲਮਾਨ ਮੁਹੰਮਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤੀਜੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਦੋਵੇਂ ਧਿਰਾਂ ਅੰਬਾਂ ਦੀ ਥੋਕ ਵਿਕਰੀ ਦਾ ਕਾਰੋਬਾਰ ਕਰਦੀਆਂ ਹਨ। ਉਹ ਸ਼ੁੱਕਰਵਾਰ ਨੂੰ ਅਨਾਜ ਮੰਡੀ ‘ਚ ਅੰਬਾਂ ਦੀ ਵਿਕਰੀ ਦੇ ਸਬੰਧ ਵਿੱਚ ਆਏ ਸਨ। ਇਸ ਦੌਰਾਨ ਦੋ ਗੁੱਟਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਦੋਸ਼ ਹੈ ਕਿ ਤਸਲੀਮ ਤੇ ਉਸ ਦੇ ਦੋ ਭਰਾਵਾਂ ‘ਤੇ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ।
