ਚੰਡੀਗੜ੍ਹ : Punjab Cabinet Expansion : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅੱਜ ਕੈਬਨਿਟ ਦਾ ਵਿਸਥਾਰ ਕਰਨਗੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸ਼ਾਮ 5 ਵਜੇ ਰਾਜ ਭਵਨ ਵਿਖੇ ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਮਾਨ ਸਰਕਾਰ ਵਲੋਂ 5 ਨਵੇਂ ਮੰਤਰੀਆਂ ਦੀ ਲਿਸਟ ਗਵਰਨਰ ਨੂੰ ਭੇਜ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਨਵੇਂ ਬਣ ਰਹੇ ਮੰਤਰੀਆਂ ‘ਚ ਅਮਨ ਅਰੋੜਾ, ਡਾ. ਇੰਦਰਬੀਰ ਨਿੱਝਰ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ ਅਤੇ ਫ਼ੌਜਾ ਸਿੰਘ ਸਰਾਰੀ ਸ਼ਾਮਲ ਹਨ। ਇਹ ਸਾਰੇ ਅੱਜ ਸ਼ਾਮ 5 ਵਜੇ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਇਸ ਵੇਲੇ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ 10 ਮੰਤਰੀ ਹਨ, ਸਰਕਾਰ ਅੱਠ ਹੋਰ ਮੰਤਰੀ ਨਿਯੁਕਤ ਕਰ ਸਕਦੀ ਹੈ। ਸਰਕਾਰ ਵੱਲੋਂ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਸਿਰਫ਼ ਪੰਜ ਮੰਤਰੀ ਹੀ ਨਿਯੁਕਤ ਕੀਤੇ ਜਾਣਗੇ। ਮੰਤਰੀ ਮੰਡਲ ਦੀਆਂ ਦੋ ਤੋਂ ਤਿੰਨ ਅਸਾਮੀਆਂ ਖਾਲੀ ਛੱਡੀਆਂ ਜਾ ਰਹੀਆਂ ਹਨ ਤਾਂ ਜੋ ਨਵੇਂ ਵਿਧਾਇਕਾਂ ਦੀ ਯੋਗਤਾ ਦਾ ਵੀ ਪਤਾ ਲਗਾਇਆ ਜਾ ਸਕੇ।
ਵਿਧਾਨ ਸਭਾ ਚੋਣਾਂ ‘ਚ 92 ਸੀਟਾਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸਹੁੰ ਚੁੱਕੀ। ਇਸ ਤੋਂ ਬਾਅਦ 19 ਮਾਰਚ ਨੂੰ ਭਗਵੰਤ ਮਾਨ ਦੇ ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਮੰਤਰੀਆਂ ਵਿੱਚੋਂ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਮੁੱਖ ਮੰਤਰੀ ਨੇ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਸੀ।
ਡਾ. ਸਿੰਗਲਾ ਕੋਲ ਸਿਹਤ ਵਿਭਾਗ ਸੀ। ਇਸ ਤੋਂ ਬਾਅਦ ਤੋਂ ਹੁਣ ਤੱਕ ਮੁੱਖ ਮੰਤਰੀ ਮਾਨ ਸਿਰਫ਼ ਨੌਂ ਮੰਤਰੀਆਂ ਨਾਲ ਮੰਤਰੀ ਮੰਡਲ ਚਲਾ ਰਹੇ ਹਨ। ਵਿਭਾਗ ਜ਼ਿਆਦਾ ਹੋਣ ਕਾਰਨ ਮੰਤਰੀਆਂ ‘ਤੇ ਦਬਾਅ ਵੀ ਹੈ ਅਤੇ ਸਰਕਾਰੀ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। 16 ਮਾਰਚ ਨੂੰ ਸਹੁੰ ਚੁੱਕ ਸਮਾਗਮ ਦੌਰਾਨ ਪਾਰਟੀ ਨੇ ਆਪਣੇ ਪੁਰਾਣੇ ਸਾਥੀਆਂ ‘ਤੇ ਭਰੋਸਾ ਨਹੀਂ ਜਤਾਇਆ ਸੀ।
ਮੰਤਰੀ ਮੰਡਲ ‘ਚ ਹੁਣ ਤਕ ਹਰਪਾਲ ਚੀਮਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਹੀ ਅਜਿਹੇ ਮੰਤਰੀ ਹਨ ਜੋ ਦੂਜੀ ਵਾਰ ਵਿਧਾਇਕ ਬਣੇ ਹਨ, ਜਦਕਿ ਅੱਠ ਹੋਰ ਮੰਤਰੀ ਪਹਿਲੀ ਵਾਰ ਚੋਣ ਜਿੱਤ ਕੇ ਵਿਧਾਇਕ ਬਣੇ ਹਨ। ਸੂਤਰ ਦੱਸਦੇ ਹਨ ਕਿ ਹੁਣ ਇਕ ਵਾਰ ਫਿਰ ਪਾਰਟੀ ਵੱਲੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ‘ਤੇ ਭਰੋਸਾ ਕਰਕੇ ਹੀ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਜਾ ਸਕਦੀ ਹੈ, ਜਦਕਿ ਚਾਰ ਹੋਰ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੇ ਜਾਣ ਦੀ ਚਰਚਾ ਚੱਲ ਰਹੀ ਹੈ ਜੋ ਪਹਿਲੀ ਵਾਰ ਵਿਧਾਇਕ ਬਣੇ ਹਨ।
ਅਰੋੜਾ ਮੰਤਰੀ ਬਣਦੇ ਹਨ ਤਾਂ ਜ਼ਿਲ੍ਹਾ ਸੰਗਰੂਰ ਤੋਂ ਚਾਰ ਮੰਤਰੀ ਹੋਣਗੇ
ਜੇਕਰ ਸਰਕਾਰ ਅਮਨ ਅਰੋੜਾ ਨੂੰ ਮੰਤਰੀ ਦਾ ਅਹੁਦਾ ਦਿੰਦੀ ਹੈ ਤਾਂ ਸੰਗਰੂਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਸਮੇਤ ਚਾਰ ਮੰਤਰੀ ਹੋਣਗੇ। ਹਾਲਾਂਕਿ ਕਾਂਗਰਸ ਸਰਕਾਰ ਵੇਲੇ ਗੁਰਦਾਸਪੁਰ ਤੇ ਅੰਮ੍ਰਿਤਸਰ ਅਜਿਹੇ ਜ਼ਿਲ੍ਹੇ ਸਨ ਜਿੱਥੋਂ ਤਿੰਨ-ਤਿੰਨ ਮੰਤਰੀ ਬਣਾਏ ਗਏ ਸਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸੰਗਰੂਰ ਲੋਕ ਸਭਾ ਉਪ ਚੋਣ ਵਿਚ ਹੋਈ ਹਾਰ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਹੀ ਕਾਰਨ ਹੈ ਕਿ ਪਾਰਟੀ ਪੁਰਾਣੇ ਸਾਥੀ ਅਮਨ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਥਾਂ ਦੇ ਸਕਦੀ ਹੈ।
