ਜਲੰਧਰ : ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ ‘ਤੇ ਕੀਤੀ ਗਈ ਨਾਕੇਬੰਦੀ ਦੌਰਾਨ ਕਪੂਰਥਲਾ ਤੋਂ ਜਲੰਧਰ ਆ ਕੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ।ਬਾਅਦ ਵਿੱਚ ਇਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਕੋਲੋਂ ਝਪਟਿਆ ਹੋਇਆ ਸੋਨੇ ਦਾ ਸਾਮਾਨ ਖ਼ਰੀਦਣ ਵਾਲੇ ਸੁਨਿਆਰੇ ਨੂੰ ਵੀ ਕਾਬੂ ਕਰ ਕੇ ਸੋਨੇ ਦੀਆਂ ਅੱਠ ਚੇਨਾਂ ਤੇ ਸੱਤ ਵਾਲ਼ੀਆਂ ਦੇ ਸੈੱਟ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਪਟੇਲ ਚੌਕ ‘ਚ ਨਾਕਾਬੰਦੀ ਕੀਤੀ ਹੋਈ ਸੀ। ਮੁਖ਼ਬਰ ਖ਼ਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਪਰਗਟ ਸਿੰਘ ਵਾਸੀ ਅਜੀਤ ਨਗਰ ਕਪੂਰਥਲਾ ਅਤੇ ਇੰਦਰਜੀਤ ਸਿੰਘ ਉਰਫ ਇੰਦਰ ਵਾਸੀ ਗਰੋਵਰ ਕਾਲੋਨੀ ਕਪੂਰਥਲਾ ਜੋ ਕਿ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇਸ ਵੇਲੇ ਮੋਟਰਸਾਈਕਲ ਨੰਬਰ ਪੀ ਬੀ 08 ਸੀ ਜ਼ੈੱਡ 7632 ਉੱਪਰ ਕਪੂਰਥਲਾ ਚੌਂਕ ਤੋਂ ਮਿੱਠਾ ਬਾਜ਼ਾਰ ਵੱਲ ਸੋਨੇ ਦਾ ਸਾਮਾਨ ਵੇਚਣ ਲਈ ਆ ਰਹੇ ਹਨ। ਪੁਲਿਸ ਪਾਰਟੀ ਨੇ ਦੱਸੀ ਹੋਈ ਥਾਂ ਤੇ ਨਾਕੇਬੰਦੀ ਕਰਕੇ ਉਕਤ ਨੰਬਰ ਦੇ ਮੋਟਰਸਾਈਕਲ ਤੇ ਆ ਰਹੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਸੋਨੇ ਦੀ ਚੇਨ ਅਤੇ ਵਾਲ਼ੀਆਂ ਬਰਾਮਦ ਕੀਤੀਆਂ।
ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਨੂੰ ਅਦਾਲਤ ਵਿਚੋਂ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਲੈ ਕੇ ਜਦ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਸੋਨੇ ਦਾ ਸਾਮਾਨ ਜਸ਼ਵੀਨ ਸਿੰਘ ਉਰਫ ਮਸਤ ਵਾਸੀ ਦੀਪ ਸਿੰਘ ਨਗਰ ਕਪੂਰਥਲਾ ਨੂੰ ਵੇਚਦੇ ਹਨ ਜਿਸ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਸ਼ਵੀਨ ਨੂੰ ਵੀ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਕ ਮੋਬਾਈਲ ਤੇ ਮੋਟਰਸਾਈਕਲ ਜਿਸ ਉੱਪਰ ਉਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ, ਵੀ ਬਰਾਮਦ ਕੀਤਾ ਹੈ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ ‘ਚ ਅਪਰਾਧਿਕ ਮਾਮਲੇ ਦਰਜ ਹਨ। ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤਕ ਕਮਿਸ਼ਨਰੇਟ ਪੁਲਿਸ ਨੇ ਸਨੈਚਿੰਗ ਦੇ 15 ਮਾਮਲੇ ਹੱਲ ਹੋ ਗਏ ਹਨ।ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਉਮੀਦ ਹੈ ਹੋਰ ਵੀ ਮਾਮਲੇ ਹੱਲ ਹੋਣਗੇ ਅਤੇ ਸਾਮਾਨ ਦੀ ਬਰਾਮਦਗੀ ਹੋਵੇਗੀ।
