ਜਲੰਧਰ : ਮਹਾਨਗਰ ਤੋਂ ਹੁਣ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਏਅਰਪੋਰਟ, ਨਵੀਂ ਦਿੱਲੀ ਤਕ ਪਹੁੰਚਣਾ ਕੋਈ ਮੁਸ਼ਕਲ ਕੰਮ ਨਹੀਂ ਰਿਹਾ। ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਸਟੇਟ ਬੱਸ ਟਰਮਿਨਲ ਤੋਂ ਰੋਜ਼ਾਨਾ 13 ਵੋਲਵੋ ਬੱਸਾਂ ਆਈਜੀਆਈ ਏਅਰਪੋਰਟ, ਨਵੀਂ ਦਿੱਲੀ ਲਈ ਰਵਾਨਾ ਹੋ ਰਹੀਆਂ ਹਨ। ਪੰਜਾਬ ਰੋਡਵੇਜ਼ ਜਲੰਧਰ-1 ਡਿਪੂ ਪੰਜ, ਅੰਮ੍ਰਿਤਸਰ ਦੋ, ਲੁਧਿਆਣਾ ਤੇ ਪਠਾਨਕੋਟ ਇਕ-ਇਕ ਤੇ ਪੀਆਰਟੀਸੀ ਜਲੰਧਰ ਤੋਂ ਰੋਜ਼ਾਨਾ ਚਾਰ ਵੋਲਵੋ ਬੱਸਾਂ ਦਾ ਸੰਚਾਲਨ ਆਈਜੀਆਈ ਏਅਰਪੋਰਟ ਨਵੀਂ ਦਿੱਲੀ ਲਈ ਕਰ ਰਿਹਾ ਹੈ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਵੋਲਵੋ ਬੱਸਾਂ ’ਚ ਜਲੰਧਰ ਤੋਂ ਆਈਜੀਆਈ ਏਅਰਪੋਰਟ ਤਕ ਪ੍ਰਤੀ ਯਾਤਰੀ 1160 ਰੁਪਏ ਕਿਰਾਇਆ ਵਸੂਲਿਆ ਜਾ ਰਿਹਾ ਹੈ।
ਟਾਈਮ ਟੇਬਲ ਮੁਤਾਬਕ ਸਵੇਰੇ 6.50 ਵਜੇ ਜਲੰਧਰ-1 ਡਿਪੂ, 7.30 ਲੁਧਿਆਣਾ ਡਿਪੂ, 8.20 ਪੀਆਰਟੀਸੀ, 11 ਵਜੇ ਜਲੰਧਰ-1 ਡਿਪੂ, 11.40 ਅੰਮ੍ਰਿਤਸਰ-1 ਡਿਪੂ, ਦੁਪਹਿਰ 1.15 ਵਜੇ ਜਲੰਧਰ-1, ਤਿੰਨ ਵਜੇ ਪੀਆਰਟੀਸੀ, 4.20 ਵਜੇ ਅੰਮ੍ਰਿਤਸਰ-2, 5.20 ਪਠਾਨਕੋਟ, ਸ਼ਾਮ ਛੇ ਵਜੇ ਪੀਆਰਟੀਸੀ, 7.10 ਪੀਆਰਟੀਸੀ, ਰਾਤ 8.30 ਤੇ 11 ਵਜੇ ਪੰਜਾਬ ਰੋਡਵੇਜ਼ ਜਲੰਧਰ-1 ਦੀਆਂ ਵੋਲਵੋ ਆਈਜੀਆਈ ਏਅਰਪੋਰਟ, ਨਵੀਂ ਦਿੱਲੀ ਲਈ ਰਵਾਨਾ ਹੋ ਰਹੀਆਂ ਹਨ।
ਇਸੇ ਤਰ੍ਹਾਂ ਆਈਜੀਆਈ ਏਅਰਪੋਰਟ ਨਵੀਂ ਦਿੱਲੀ ਤੋਂ ਤਡ਼ਕੇ ਦੋ ਵਜੇ ਜਲੰਧਰ-1, 2.40 ਵਜੇ ਅੰਮ੍ਰਿਤਸਰ-1, 3.30 ਵਜੇ ਪੀਆਰਟੀਸੀ, ਤਡ਼ਕੇ ਚਾਰ ਵਜੇ ਜਲੰਧਰ-1, 4.30 ਵਜੇ ਪੀਆਰਟੀਸੀ, 5 ਵਜੇ ਅੰਮ੍ਰਿਤਸਰ-2, ਦੁਪਹਿਰ 1.15 ਵਜੇ ਪਠਾਨਕੋਟ, ਬਾਅਦ ਦੁਪਹਿਰ 3.30 ਵਜੇ ਤੇ ਸ਼ਾਮ 5.30 ਵਜੇ ਪੀਆਰਟੀਸੀ, ਰਾਤ 8.05 ਵਜੇ ਜਲੰਧਰ-1, ਰਾਤ 10 ਵਜੇ ਲੁਧਿਆਣਾ ਡਿਪੂ ਤੇ ਦੇਰ ਰਾਤ 11.10 ਵਜੇ ਪੀਆਰਟੀਸੀ ਦੀ ਵੋਲਵੋ ਜਲੰਧਰ ਲਈ ਰਵਾਨਾ ਹੁੰਦੀ ਹੈ।
ਪੰਜਾਬ ਸਰਕਾਰ ਵੱਲੋਂ ਬੀਤੀ 15 ਜੂਨ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਈਜੀਆਈ ਏਅਰਪੋਰਟ, ਨਵੀਂ ਦਿੱਲੀ ਲਈ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਵੋਲਵੋ ਬੱਸ ਸੇਵਾ ਨੂੰ ਲੈ ਕੇ ਯਾਤਰੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਯਾਤਰੀ ਨਿੱਜੀ ਆਪ੍ਰੇਟਰਾਂ ਦੀਆਂ ਮਹਿੰਗੀਆਂ ਸੁਪਰ ਡੀਲਕਸ ਬੱਸਾਂ ਦੀ ਬਜਾਏ ਹੁਣ ਸਰਕਾਰੀ ਵੋਲਵੋ ’ਚ ਏਅਰਪੋਰਟ ਜਾਣ ਨੂੰ ਤਰਜੀਹ ਦੇ ਰਹੇ ਹਨ।
