ਜਲੰਧਰ: ਸ਼ਹਿਰ ’ਚ ਅਪਰਾਧ ਲਗਾਤਾਰ ਵੱਧਦਾ ਜਾ ਰਿਹਾ ਹੈ। ਕਤਲ, ਚੋਰੀ ਤੇ ਲੁੱਟ-ਖੋਹ ਵਰਗੀਆਂ ਘਟਨਾਵਾਂ ਆਮ ਹੋ ਗਈਆਂ ਹਨ। ਬਦਮਾਸ਼ਾਂ ਨੂੰ ਪੁਲਿਸ ਦਾ ਖੌਫ ਵੀ ਨਹੀਂ ਰਿਹਾ। ਪਤਾਰਾ ਦੇ ਨਾਲ ਲੱਗਦੇ ਪਿੰਡ ਸੇਮੀ ’ਚ ਸਥਿਤ ਧਾਰਮਿਕ ਸਥਾਨ ’ਚ ਸੇਵਾ ਕਰ ਰਹੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਦੇ ਸਿਰ ’ਤੇ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਹੋਏ ਸਨ। ਉਸ ਦਾ ਮੱਥਾ ਅੱਗਿਓਂ ਪੂਰੀ ਤਰ੍ਹਾਂ ਖੁੱਲ੍ਹ ਚੁੱਕਿਆ ਸੀ।
ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਪਿੰਡ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਇਆ ਤਾਂ ਉਸ ਨੇ ਖੂਨ ਨਾਲ ਲਥਪਥ ਲਾਸ਼ ਦੇਖੀ। ਮਿ੍ਰਤਕ ਦੀ ਪਛਾਣ 55 ਸਾਲਾ ਜਗਦੀਸ਼ ਲਾਲ ਉਰਫ ਜੁੰਮੇ ਸ਼ਾਹ ਵਜੋਂ ਹੋਈ ਹੈ। ਜਗਦੀਸ਼ ਲਾਲ ਪਿੰਡ ਦੇ ਗੌਸ ਪਾਕਿ ਸਰਕਾਰ ਦੇ ਦਰਬਾਰ ਵਿਚ ਸੇਵਾ ਕਰਦਾ ਸੀ ਤੇ ਉਥੇ ਹੀ ਰਹਿੰਦਾ ਸੀ। ਜਗਦੀਸ਼ ਪਿਛਲੇ ਕਈ ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ।
ਸੂਚਨਾ ਮਿਲਦਿਆਂ ਹੀ ਥਾਣਾ ਪਤਾਰਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਬਾਅਦ ਦੁਪਹਿਰ ਪੁਲਿਸ ਕਾਤਲਾਂ ਦੀ ਪਛਾਣ ਦਾ ਪਤਾ ਲਾਉਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਸੀ, ਤਾਂ ਜੋ ਕਤਲ ਕਰਨ ਵਾਲਿਆਂ ਦਾ ਪਤਾ ਲੱਗ ਸਕੇ।
ਥਾਣਾ ਪਤਾਰਾ ਦੀ ਇੰਚਾਰਜ ਅਰਸ਼ਦੀਪ ਕੌਰ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਧਾਰਮਿਕ ਸਥਾਨ ’ਤੇ ਕੋਈ ਸਮਾਨ ਚੋਰੀ ਨਹੀਂ ਹੋਇਆ, ਜਿਸ ਕਾਰਨ ਲੁੱਟ-ਖੋਹ ਵਰਗੀ ਵਾਰਦਾਤ ਹੋਈ ਲੱਗੇ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
